ਹੁਸ਼ਿਆਰਪੁਰ, 5 ਫਰਵਰੀ:
ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਬਰਾਬਰ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਉਹ ਵੀ ਆਪਣੇ ਦਮ-ਖਮ ਦਾ ਲੋਹਾ ਮੰਨਵਾ ਕੇ ਦੇਸ਼ ਅਤੇ ਸਮਾਜ ਦੇ ਵਿਕਾਸ ਵਿਚ ਆਪਣਾ ਅਹਿੰਮ ਯੋਗਦਾਨ ਦੇ ਸਕਦੇ ਹਨ। ਉਹ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਦੇ ਖੇਡ ਮੈਦਾਨ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਉਦਘਾਟਨ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਹੁਸ਼ਿਆਰਪੁਰ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਿੰਦਰਜੀਤ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸੁਖਵਿੰਦਰ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਮਾਜ ਨੂੰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਨਾਲ ਚੰਗਾ ਵਰਤਾਓ ਕਰਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੇ ਅੰਦਰ ਆਤਮ ਵਿਸ਼ਵਾਸ ਜਾਗੇ ਅਤੇ ਉਹ ਆਪਣੇ ਭਵਿੱਖ ਨੂੰ ਮਜ਼ਬੂਤ ਬਣਾ ਸਕਣ। ਉਨ੍ਹਾਂ ਕਿਹਾ ਕਿ ਖੇਡ ਖੇਤਰ ਵਿਚ ਭਵਿੱਖ ਕਾਫੀ ਚਮਕਦਾਰ ਹੈ ਅਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵਿਕਾਸ ਕਰਨਾ ਸਰਕਾਰ ਦੀ ਵਿਸ਼ੇਸ਼ ਪਹਿਲ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਦੇ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਸਮੇਂ-ਸਮੇਂ ’ਤੇ ਆਯੋਜਿਤ ਹੁੰਦੇ ਰਹਿਣਗੇ।
ਖੇਡਾਂ ਦੇ ਪਹਿਲੇ ਦਿਨ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ ਅਤੇ ਜ਼ਿਲ੍ਹੇ ਦੇ ਖਿਡਾਰੀਆਂ ਨੇ ਆਪਣਾ ਪੂਰਾ ਦਮ-ਖਮ ਦਿਖਾਇਆ। ਖਿਡਾਰੀਆਂ ਵਿਚ ਬਹੁਤੇ ਇਸ ਤਰ੍ਹਾਂ ਦੇ ਬੱਚੇ ਸਨ, ਜੋ ਸੁਣ ਅਤੇ ਬੋਲ ਨਹੀਂ ਸਕਦੇ ਹਨ ਅਤੇ ਉਨ੍ਹਾਂ ਦੇ ਕੋਚ ਨੇ ਇਨ੍ਹਾਂ ਖਿਡਾਰੀਆਂ ਨੂੰ ਇਸ਼ਾਰਿਆਂ ਨਾਲ ਸਮਝਾਇਆ। ਇਥੇ ਦੱਸਣਯੋਗ ਹੈ ਕਿ ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਜ਼ਿਲ੍ਹੇ ਦੇ 21 ਬਲਾਕਾਂ ਦੇ 1715 ਸਰਕਾਰੀ ਸਕੂਲਾਂ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਖੇਡ ਸਮਾਗਮ ਵਿਚ ਭਾਗ ਲੈਣ ਲਈ ਨਿਰਦੇਸ਼ਿਤ ਕੀਤਾ ਹੈ। ਇਸ ਮੌਕੇ ’ਤੇ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਅੰਜੂ ਸੈਣੀ, ਡਾ. ਧੀਰਜ, ਸੁਭਾਸ਼ ਚੰਦਰ, ਨੇਕ ਚੰਦ, ਸਮਿਕਸ਼ਾ ਸੈਣੀ, ਅਨੀਤਾ ਕੁਮਾਰੀ, ਅੰਜੂ, ਅਜੇ ਕੁਮਾਰ, ਰੇਨੂੰ ਕੰਵਰ, ਨਰਿੰਦਰ ਚੀਮਾ, ਰੇਖਾ, ਊਸ਼ਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।