ਅੰਮ੍ਰਿਤਸਰ, 22 ਜਨਵਰੀ 2025–
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਰਿਆੜ ਵਿਖੇ ਕੂਕਾ ਲਹਿਰ ਦੇ ਮੋਢੀ ਸਤਿਗੁਰੂ ਰਾਮ ਸਿੰਘ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਨਾਂ ਯੋਧਿਆਂ ਦੇ ਇਤਿਹਾਸ ਦੀ ਸਾਂਝ ਨਵੀਆਂ ਪੀੜੀਆਂ ਨਾਲ ਪਾਉਣ ਦੀ ਵੱਡੀ ਲੋੜ ਹੈ, ਕਿਉਂਕਿ ਨਵੀਂ ਪੀੜੀ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਟੁੱਟਦੀ ਜਾ ਰਹੀ ਹੈ। ਉਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਗਦਰ ਲਹਿਰ, ਬੱਬਰ ਲਹਿਰ, ਨਾ ਮਿਲਵਰਤਨ ਅੰਦੋਲਨ ਵਰਗੀਆਂ ਵੱਡੀਆਂ ਲਹਿਰਾਂ ਅਤੇ ਯੋਧਿਆਂ ਨੇ ਯੋਗਦਾਨ ਪਾਇਆ , ਪਰ ਅੱਜ ਸਾਨੂੰ ਇਨ੍ਹਾਂ ਇਤਿਹਾਸਾਂ ਦੀ ਸਾਂਝ ਆਪਣੇ ਬੱਚਿਆਂ ਨਾਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਸ਼ਹਿਰਾਂ ਵਿੱਚ ਲਾਇਬ੍ਰੇਰੀਆਂ ਖੋਲ ਰਹੀ ਹੈ ਪਰ ਹਰੇਕ ਘਰ ਦੀ ਲਾਇਬਰੇਰੀ ਉਸਦੇ ਮਾਂ ਪਿਓ ਆਪ ਹਨ, ਜੋ ਕਿ ਬਹੁਤਾ ਕੁਝ ਜਾਣਦੇ ਹਨ ਪਰ ਫਿਰ ਵੀ ਆਪਣੇ ਰੁਝੇਵਿਆਂ ਕਰਨ ਬੱਚਿਆਂ ਨਾਲ ਇਹਨਾਂ ਵਿਚਾਰਾਂ ਦੀ ਸਾਂਝ ਨਹੀਂ ਪਾਉਂਦੇ। ਉਹਨਾਂ ਕਿਹਾ ਕਿ ਅੱਜ ਇਸ ਪ੍ਰੋਗਰਾਮ ਵਿੱਚ ਆ ਕੇ ਮਾਣ ਮਹਿਸੂਸ ਹੋਇਆ ਅਤੇ ਅਜਿਹੇ ਪ੍ਰੋਗਰਾਮ ਹਰ ਸ਼ਹਿਰ-ਹਰ ਪਿੰਡ ਵਿੱਚ ਹੋਣੇ ਚਾਹੀਦੇ ਹਨ।
ਇਸ ਮੌਕੇ ਦਿੱਲੀ ਦੇ ਇੱਕ ਭਾਜਪਾ ਆਗੂ ਵੱਲੋਂ ਪੰਜਾਬੀਆਂ ਬਾਰੇ ਦਿੱਤੇ ਬਿਆਨ ਕਿ ਉਨਾਂ ਦੇ ਦਿੱਲੀ ਵਿੱਚ ਚੋਣ ਪ੍ਰਚਾਰ ਲਈ ਆਉਣ ਨਾਲ ਖਤਰਾ ਪੈਦਾ ਹੋ ਗਿਆ ਹੈ, ਬਾਰੇ ਬੋਲਦੇ ਸ ਧਾਲੀਵਾਲ ਨੇ ਕਿਹਾ ਕਿ ਪੰਜਾਬੀ ਦੇਸ਼ ਤੋਂ ਜਾਨਾਂ ਵਾਰਨ ਵਾਲੀ ਕੌਮ ਹੈ , ਇਸ ਤੋਂ ਦੇਸ਼ ਨੂੰ ਖ਼ਤਰਾ ਨਹੀਂ, ਬਲਕਿ ਦੇਸ਼ ਇਹਨਾਂ ਦੇ ਹੱਥਾਂ ਵਿੱਚ ਸੁਰੱਖਿਤ ਹੈ। ਉਹਨਾਂ ਕਿਹਾ ਕਿ ਹਾਰ ਤੋਂ ਬੁਖਲਾ ਕੇ ਵਿਰੋਧੀ ਪਾਰਟੀਆਂ ਦੇ ਲੋਕ ਅਜਿਹੇ ਬੇਤੁਕੀ ਬਿਆਨਬਾਜੀ ਕਰ ਰਹੇ ਹਨ।