ਮਾਨਸਾ, 17 ਜਨਵਰੀ :
ਪਸ਼ੂ ਪਾਲਣ ਵਿਭਾਗ ਵੱਲੋਂ 21ਵੀਂ ਪਸ਼ੂਧਨ ਗਣਨਾ ਦੀ ਸ਼ੁਰੂਆਤ 25 ਨਵੰਬਰ 2024 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਫਰਵਰੀ 2025 ਤੱਕ ਮੁਕੰਮਲ ਕੀਤੀ ਜਾਣੀ ਹੈ। ਇਸ ਕੰਮ ਲਈ ਜ਼ਿਲ੍ਹਾ ਮਾਨਸਾ ਵਿਖੇ 54 ਗਿਣਤੀਕਾਰ ਅਤੇ 12 ਸੁਪਰਵਾਇਜ਼ਰ ਲਗਾਏ ਗਏ ਹਨ ਜੋ ਘਰ-ਘਰ ਜਾ ਕੇ ਪਸ਼ੂਆਂ ਦੀ ਗਿਣਤੀ ਕਰ ਰਹੇ ਹਨ। ਚੱਲ ਰਹੀ ਇਸ ਪਸ਼ੂਧਨ ਗਣਨਾ ਦਾ ਜਾਇਜ਼ਾ ਲੈਣ ਲਈ ਸੰਯੁਕਤ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਪਰਮਦੀਪ ਵਾਲੀਆ ਅਤੇ ਡਿਪਟੀ ਡਾਇਰੈਕਟਰ ਡਾ. ਰਵੀਕਾਂਤ ਵਿਸ਼ੇਸ਼ ਤੌਰ ’ਤੇ ਮਾਨਸਾ ਪੰਹੁਚੇ।
ਸਟਾਫ਼ ਨਾਲ ਮੀਟਿੰਗ ਦੌਰਾਨ ਡਾ. ਰਵੀਕਾਂਤ ਨੇ ਕਿਹਾ ਕਿ ਪਸ਼ੂਧਨ ਗਣਨਾ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਆਮ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਗਣਨਾ ਦੌਰਾਨ ਉਨ੍ਹਾਂ ਦਾ ਸੰਪੂਰਨ ਸਹਿਯੋਗ ਮਿਲ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਸਦਕਾ ਹੀ ਗਣਨਾ ਦਾ ਇਹ ਕੰਮ ਸਹੀ ਢੰਗ ਨਾਲ ਨੇਪਰੇ ਚੜ੍ਹੇਗਾ।
ਡਿਪਟੀ ਡਾਇਰੈਕਟਰ ਮਾਨਸਾ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਹਰ ਤਰ੍ਹਾਂ ਦੇ ਪਸ਼ੂ, ਕੁੱਤੇ, ਮੁਰਗੀਆਂ ਆਦਿ ਦੀ ਨਸਲ ਆਧਾਰਿਤ ਗਿਣਤੀ ਕੀਤੀ ਜਾਣੀ ਹੈ ਅਤੇ ਹੁਣ ਤੱਕ 54 ਹਜ਼ਾਰ ਪਸ਼ੂਆਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਗਿਣਤੀਕਾਰ ਉਨ੍ਹਾਂ ਦੇ ਘਰਾਂ ਵਿੱਚ ਆਉਣ ਤਾਂ ਆਪਣੇ ਘਰ ਦੇ ਸਾਰੇ ਪਸ਼ੂਆਂ ਦੀ ਸਹੀ ਜਾਣਕਾਰੀ ਦਿੱਤੀ ਜਾਵੇ।
ਇਸ ਮੌਕੇ ਐਡੀਸ਼ਨਲ ਡਾਇਰੈਕਟਰ ਮਾਨਸਾ ਡਾ. ਮੁਹੰਮਦ ਸਲੀਮ, ਐਸ.ਵੀ.ਓ. ਸਰਦੂਲਗੜ੍ਹ ਡਾ. ਗਣਪਤ ਸਿੰਘ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਇੰਦਰਜੀਤ ਸਿੰਘ ਮੌਜੂਦ ਸਨ।