ਜ਼ਿਲ੍ਹੇ ਵਿੱਚ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਕੈਂਪ ਮੰਗਲਵਾਰ ਤੋਂ ਸ਼ੁਰੂ ਕੀਤੇ ਜਾਣਗੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਫਰਵਰੀ, 2024:

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਵਾਸੀਆਂ ਦੀਆਂ ਸ਼ਿਕਾਇਤਾਂ ਦਾ ਉਨ੍ਹਾਂ ਦੇ ਬੂਹੇ ‘ਤੇ (ਪਿੰਡਾਂ ਵਿੱਚ ਜਾ ਕੇ) ਨਿਪਟਾਰਾ ਕਰਨ ਦੇ ਯਤਨਾਂ ਤਹਿਤ 6 ਫਰਵਰੀ, 2024 ਤੋਂ ‘ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡ ਅਤੇ ਵਾਰਡ ਪੱਧਰ ‘ਤੇ ਸ਼ਿਕਾਇਤ ਨਿਵਾਰਨ ਕੈਂਪ ਲਗਾਏ ਜਾਣਗੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਸ਼ਿਆਮਕਰਨ ਤਿੜਕੇ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੋਡਲ ਅਫ਼ਸਰਾਂ ਦੀ ਪਹਿਲੀ ਸਿਖਲਾਈ ਵਰਕਸ਼ਾਪ ਦਾ ਆਯੋਜਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਫਲੈਗਸ਼ਿਪ ਪ੍ਰੋਗਰਾਮ ਦਾ ਉਦੇਸ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਕੈਂਪ ਦੌਰਾਨ ਤਿੰਨ ਪੜਾਵਾਂ; ਪਹਿਲਾ ਮੌਕੇ ‘ਤੇ, 15 ਦਿਨਾਂ ਦੇ ਅੰਦਰ ਲੰਮੀ ਪ੍ਰਕਿਰਿਆ ਦੇ ਮਾਮਲੇ ਵਿਚ ਅਤੇ ਨਿਆਂਇਕ ਮਾਮਲੇ ਕਾਰਨ ਹੱਲ ਨਾ ਹੋਣ ਦੀ ਸਥਿਤੀ ਵਿਚ, ਉਨ੍ਹਾਂ ਨੂੰ ਉਚਿਤ ਪ੍ਰਕਿਰਿਆ ਦੀ ਪਾਲਣਾ ਕਰਨ ਲਈ ਬੇਨਤੀ, ਵਿੱਚ ਮੁਸ਼ਕਿਲਾਂ ਦੇ ਹੱਲ ਸੁਝਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਹਰ ਸਬ ਡਵੀਜ਼ਨ ਵਿੱਚ ਸਬ ਡਵੀਜ਼ਨ ਦੇ ਉਪ ਮੰਡਲ ਮੈਜਿਸਟਰੇਟ ਦੀ ਅਗਵਾਈ ਵਿੱਚ ਦਿਨ ਵਿੱਚ ਚਾਰ ਕੈਂਪ ਲਗਾਏ ਜਾਣੇ ਹਨ। ਨੋਡਲ ਅਫਸਰ ਦੀ ਭੂਮਿਕਾ ਪੇਂਡੂ ਖੇਤਰਾਂ ਵਿੱਚ ਐਸ.ਡੀ.ਐਮਜ਼/ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਸੌਂਪੀ ਗਈ ਹੈ ਜਦੋਂ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਸੰਯੁਕਤ ਕਮਿਸ਼ਨਰ ਪੱਧਰ ਦੇ ਅਧਿਕਾਰੀਆਂ ਨੂੰ ਲਾਇਆ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਮੂਹ ਸਬੰਧਤ ਅਧਿਕਾਰੀ ਮਿੱਥੇ ਗਏ ਖਾਸ ਦਿਨ, ਵਿਸ਼ੇਸ਼ ਸਥਾਨ ‘ਤੇ ਲਗਾਏ ਜਾਣ ਵਾਲੇ ਕੈਂਪ ਵਿੱਚ ਹਾਜ਼ਰ ਹੋਣ ਅਤੇ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਨ। ਸ਼ਹਿਰੀ ਵਾਰਡਾਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਪਿੰਡ/ਵਾਰਡ ਦੀਆਂ ਸਾਂਝੀਆਂ ਥਾਵਾਂ ਤੋਂ ਜਨਤਕ ਘੋਸ਼ਣਾਵਾਂ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਪ੍ਰਿੰਟ ਮੀਡੀਆ ਦੁਆਰਾ ਪਹਿਲਾਂ ਹੀ ਕੈਂਪਾਂ ਬਾਰੇ ਸੂਚਿਤ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਸਾਰੇ ਕੈਂਪਾਂ ਵਿੱਚ ਸ਼ਿਕਾਇਤ ਨਿਵਾਰਨ ਵਿਧੀ ਤੋਂ ਇਲਾਵਾ 45 (ਪਹਿਲਾਂ 43) ਡੋਰ-ਟੂ-ਡੋਰ ਸੇਵਾਵਾਂ (ਡਾਇਲ 1076) ਨਾਲ ਸਬੰਧਤ ਵਸਨੀਕਾਂ ਨੂੰ ਮੌਕੇ ‘ਤੇ ਉਪਲਬਧ ਕਰਵਾਉਣ ਲਈ ਕਾਫੀ ਗਿਣਤੀ ਵਿੱਚ ਫਾਰਮ ਮੌਜੂਦ ਹੋਣਗੇ।

ਰਾਜ ਦੁਆਰਾ ਸ਼ਿਕਾਇਤ ਨਿਪਟਾਰੇ ਦੀ ਵਿਧੀ ਨਾਲ ਸਬੰਧਤ ਇੱਕ ਸਮਰਪਿਤ ਕਾਲ ਸੈਂਟਰ ਨੰਬਰ 1100, ਉਹਨਾਂ ਵਸਨੀਕਾਂ ਨਾਲ ਸੰਪਰਕ ਕਰਕੇ ਇੱਕ ਫੀਡਬੈਕ ਕਾਲ ਸੈਂਟਰ ਵਜੋਂ ਕੰਮ ਕਰੇਗਾ ਜੋ ਪਹਿਲਾਂ ਹੀ ਆਪਣੇ ਖੇਤਰਾਂ ਵਿੱਚ ਕੈਂਪਾਂ ਵਿੱਚ ਸ਼ਾਮਲ ਹੋ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਕੈਂਪਾਂ ਵਿੱਚ ਹਾਜ਼ਰ ਹੋਣ ਵਾਲੇ ਅਧਿਕਾਰੀਆਂ ਦੇ ਨਾਲ-ਨਾਲ ਕੈਂਪਾਂ ਵਿੱਚ ਉਨ੍ਹਾਂ ਕੋਲ ਆਪਣੀਆਂ ਮੁਸ਼ਕਿਲਾਂ ਲੈ ਕੇ ਆਉਣ ਵਾਲੇ ਇਲਾਕਾ ਨਿਵਾਸੀਆਂ ਲਈ ਬੈਠਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਸਾਈਟ ‘ਤੇ ਇੱਕ ਹੈਲਪ ਡੈਸਕ ਵੀ ਸਥਾਪਿਤ ਕੀਤਾ ਜਾਵੇਗਾ।

ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੈਂਪਾਂ ਨਾਲ ਸਬੰਧਤ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਤੋਂ ਜਾਣੂ ਕਰਵਾਉਣ ਲਈ ਇੱਕ ਸਿਖਲਾਈ ਵਰਕਸ਼ਾਪ ਲਾਈਨ ਵਿਭਾਗਾਂ ਲਈ ਵੀ ਲਗਾਈ ਜਾਵੇਗੀ ਜਿਨ੍ਹਾਂ ਦੇ ਅਧਿਕਾਰੀ/ਨੁਮਾਇੰਦੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਡੇਰਾਬੱਸੀ ਤੋਂ ਐਸ.ਡੀ.ਐਮਜ਼ ਹਿਮਾਂਸ਼ੂ ਗੁਪਤਾ, ਮੁਹਾਲੀ ਤੋਂ ਦੀਪਾਂਕਰ ਗਰਗ ਅਤੇ ਖਰੜ ਤੋਂ ਗੁਰਮੰਦਰ ਸਿੰਘ, ਮੁੱਖ ਮੰਤਰੀ ਦੇ ਫੀਲਡ ਅਫ਼ਸਰ ਇੰਦਰ ਪਾਲ, ਸਹਾਇਕ ਕਮਿਸ਼ਨਰ (ਜਨਰਲ) ਹਰਜੋਤ ਕੌਰ ਮਾਵੀ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡੇਵੀ ਗੋਇਲ, ਡੀ.ਡੀ.ਪੀ.ਓ ਬਲਜਿੰਦਰ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ ਨਗਰ ਨਿਗਮ ਮੋਹਾਲੀ ਰੰਜੀਵ ਕੁਮਾਰ, ਨਾਇਬ ਤਹਿਸੀਲਦਾਰ ਮੋਹਾਲੀ ਅਮਨਦੀਪ ਸਿੰਘ, ਨਾਇਬ ਤਹਿਸੀਲਦਾਰ ਮਾਜਰੀ ਜਸਵੀਰ ਕੌਰ, ਬੀ.ਡੀ.ਪੀ.ਓ ਖਰੜ ਸਤਵੰਤ ਸਿੰਘ ਰੰਧਾਵਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *