ਫ਼ਤਹਿਗੜ੍ਹ ਸਾਹਿਬ, 14 ਜਨਵਰੀ:
ਲੜਕੀਆਂ ਸਮਾਜ ਦਾ ਅਹਿਮ ਅੰਗ ਹਨ ਅਤੇ ਲੜਕੀਆਂ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੱਜ ਜਦੋਂ ਕਿ ਪੂਰੀ ਦੁਨੀਆਂ ਵਿੱਚ ਆਧੁਨਿਕ ਤਕਨਾਲੌਜੀ ਵਿਕਸਤ ਹੋ ਰਹੀ ਹੈ ਤਾਂ ਅਜਿਹੇ ਦੌਰ ਵਿੱਚ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਆਪਣੀ ਜਿੰਦਗੀ ਆਜ਼ਾਦੀ ਨਾਲ ਜਿਉਣ ਦਾ ਹੱਕ ਦੇਣਾ ਚਾਹੀਦਾ ਹੈ ਅਤੇ ਲੜਕੀਆਂ ਨੂੰ ਹੱਕ ਦੇ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਰਾਜ ਲਾਲੀ ਗਿੱਲ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਦੇ ਗਿਆਨੀ ਦਿੱਤ ਸਿੰਘ ਆਡੀਟੌਰੀਅਮ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੀਆਂ ਬੇਟੀਆਂ ਦੀ ਉਚੇਰੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਅੱਜ ਦੇ ਇਸ ਦੌਰ ਵਿੱਚ ਹੋਰ ਵੀ ਵਧੇਰੇ ਤਰੱਕੀ ਕਰ ਸਕਣ।
ਸ਼੍ਰੀਮਤੀ ਰਾਜ ਲਾਲੀ ਗਿੱਲ ਨੇ ਕਿਹਾ ਕਿ ਧੀਆਂ ਹਮੇਸ਼ਾ ਆਪਣੇ ਮਾਪਿਆਂ ਦੀ ਖ਼ੈਰ ਮੰਗਦੀਆਂ ਹਨ ਅਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਮਾਹੌਲ ਦੇਈਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਧੀਆਂ ਦੀ ਸਿੱਖਿਆ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਹੀ ਅਜਿਹੀ ਪੌੜੀ ਹੈ ਜਿਸ ਰਾਹੀ ਔਰਤਾਂ ਸਮਾਜ ਵਿੱਚ ਸਮਾਨਤਾ ਦਾ ਅਧਿਕਾਰ ਪਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਨੇ ਘਰਾਂ ਦੀਆਂ ਚਾਰਦੀਵਾਰੀਆਂ ਵਿੱਚੋਂ ਨਿਕਲ ਕੇ ਆਪਣਾ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਧੀਆਂ-ਭੈਣਾਂ ਲਈ ਬਜਟ ਵਿੱਚ ਉਚੇਚਾ ਹਿੱਸਾ ਰੱਖਿਆ ਹੈ।
ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਧੀਆਂ ਦੇ ਸਤਿਕਾਰ ਅਤੇ ਨਾਰੀ ਸਸ਼ਕਤੀਕਰਨ ਤਹਿਤ ਅਨੇਕਾਂ ਪਹਿਲਕਦਮੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ਉੱਤੇ ਖੁਸ਼ੀ ਤੇ ਤਸੱਲੀ ਪ੍ਰਗਟਾਈ ਕਿ ਮੌਜੂਦਾ ਸਮੇਂ ਬਹੁਤ ਸਾਰੀਆਂ ਲੜਕੀਆਂ ਸਰਕਾਰੀ ਨੌਕਰੀਆਂ ਅਤੇ ਹੋਰ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹਨ।
ਵਿਧਾਇਕ ਰਾਏ ਨੇ ਕਿਹਾ ਕਿ ਅੱਜ ਦਾ ਸਮਾਗਮ ਧੀਆਂ ਨੂੰ ਸਮਰਪਿਤ ਹੈ। ਕੋਈ ਅਜਿਹਾ ਖੇਤਰ ਨਹੀਂ ਜਿੱਥੇ ਧੀਆਂ ਦਾ ਯੋਗਦਾਨ ਨਾ ਹੋਵੇ। ਅੱਜ ਦੀਆਂ ਧੀਆਂ ਮਾਹਰ ਡਾਕਟਰ, ਪਾਇਲਟ, ਸਾਇੰਸਦਾਨ ਅਤੇ ਪ੍ਰੋਫੈਸਰ ਹਨ। ਸਮਾਜ ਵਿਚ ਧੀਆਂ ਦਾ ਸਤਿਕਾਰ ਸਭ ਤੋਂ ਪਹਿਲੇ ਨੰਬਰ ‘ਤੇ ਹੈ। ਗੁਰੂ ਸਾਹਿਬ ਨੇ ਵੀ ਆਖਿਆ ਹੈ, “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।” ਜਿਸ ਦੀ ਕੁੱਖ ਤੋਂ ਇਸ ਸ੍ਰਿਸ਼ਟੀ ਦੀ ਉਤਪੱਤੀ ਹੋਈ ਹੈ ਉਸ ਨੂੰ ਮੰਦਾ ਕਿਵੇਂ ਕਹਿ ਸਕਦੇ ਹਾਂ। ਅਸੀਂ ਦਿਲੋਂ ਚਾਹੁੰਦੇ ਹਾਂ ਕਿ ਧੀਆਂ ਨੂੰ ਹਰ ਖੇਤਰ ਵਿਚ ਅੱਗੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਖੇਤਰਾਂ ਵਿੱਚ ਧੀਆਂ ਅੱਜ ਮੁੰਡਿਆਂ ਤੋਂ ਅੱਗੇ ਲੰਘ ਚੁੱਕੀਆਂ ਹਨ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਕਿਹਾ ਕਿ ਨਵ ਜੰਮੀਆਂ ਬੱਚੀਆਂ ਨੂੰ ਸਮਾਜ ਦਾ ਅਧਿਕਾਰ ਦਿਵਾਉਣ ਅਤੇ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਲਈ ਧੀਆਂ ਦੀ ਲੋਹੜੀ ਮਨਾਉਣਾ ਸਮੇਂ ਦੀ ਅਹਿਮ ਲੋੜ ਹੈ। ਧੀਆਂ ਇਸ ਦੇਸ਼ ਦੀ ਧਰੋਹਰ ਹਨ, ਜੇਕਰ ਸਮਾਜ, ਸੂਬੇ ਤੇ ਦੇਸ਼ ਨੇ ਕਿਸੇ ਕਿਸਮ ਦੀ ਤਰੱਕੀ ਕਰਨੀ ਹੈ ਤਾਂ ਉਹ ਧੀਆਂ ਤੋਂ ਬਗੈਰ ਨਹੀਂ ਹੋ ਸਕਦੀ।
ਜ਼ਿਲ੍ਹਾ ਪੱਧਰੀ ਧੀਆਂ ਦੀ ਲੋਹੜੀ ਪ੍ਰੋਗਰਾਮ ਵਿੱਚ 51 ਨਵ ਜੰਮੀਆਂ ਲੜਕੀਆਂ ਦਾ ਸਨਮਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੈਰੀਟੋਰੀਅਸ ਸਕੂਲਾਂ ਦੀਆਂ 80 ਵਿਦਿਆਰਥਣਾਂ ਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ 80 ਖਿਡਾਰਨਾਂ ਦਾ ਸਨਮਾਨ ਕੀਤਾ ਗਿਆ ਹੈ । ਔਰਤਾਂ ਲਈ ਲਗਾਏ ਸਿਹਤ ਤੇ ਰੋਜ਼ਗਾਰ ਕੈਂਪ ਮੌਕੇ ਸਵੈ ਰੋਜ਼ਗਾਰ ਲਈ ਫਾਰਮ ਭਰਨ ਵਾਲੀਆਂ ਔਰਤਾਂ ਨੂੰ ਕਰਜ਼ਿਆਂ ਦੇ ਮਨਜੂਰੀ ਪੱਤਰ ਵੀ ਵੰਡੇ ਗਏ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬੀ ਲੋਕ ਨਾਚ ਲੁੱਡੀ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਸਮਾਗਮ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਦੇ ਮੈਦਾਨ ਵਿੱਚ ਲੋਹੜੀ ਜਲਾ ਕੇ ਇਸ ਤਿਓਹਾਰ ਦੀ ਖੁਸ਼ੀ ਮਨਾਈ ਗਈ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਲਿਬੜਾ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਬਲਾਕ ਸੰਮਤੀ ਅਮਲੋਹ ਦੀ ਚੇਅਰਪਰਸਨ ਸੁਖਵਿੰਦਰ ਕੌਰ, ਐਡਵੋਕੇਟ ਕੰਵਰਵੀਰ ਸਿੰਘ ਰਾਏ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਸਤਿੰਦਰ ਸਿੰਘ ਜੱਲਾ, ਬਲਾਕ ਪ੍ਰਧਾਨ ਮਨਦੀਪ ਸਿੰਘ ਪੋਲਾ, ਆੜਤੀ ਐਸੋਸੀਏਸ਼ਨ ਸਰਹੰਦ ਦੇ ਪ੍ਰਧਾਨ ਤਰਸੇਮ ਲਾਲ ਉੱਪਲ, ਆੜਤੀ ਐਸੋਸੀਏਸ਼ਨ ਮੂਲੇਪੁਰ ਦੇ ਪ੍ਰਧਾਨ ਐਡਵੋਕੇਟ ਰਜੇਸ਼ ਉੱਪਲ, ਐਡਵੋਕੇਟ ਗੁਰਮੀਤ ਸਿੰਘ, ਅਸ਼ੀਸ ਅਤਰੀ, ਪਾਵੇਲ ਹਾਂਡਾ, ਨਵਦੀਪ ਨਵੀ, ਪ੍ਰਿਤਪਾਲ ਜੱਸੀ, ਕੌਂਸਲਰ ਹਰਵਿੰਦਰ ਕੌਰ ਸੋਢੀ, ਬਲਵੀਰ ਸਿੰਘ ਸੋਢੀ, ਕੌਂਸਲਰ ਦਵਿੰਦਰ ਕੌਰ, ਜਗਰੂਪ ਸਿੰਘ ਨੰਬਰਦਾਰ, ਬੰਟੀ ਸੈਣੀ, ਪੀ ਏ ਸਤੀਸ਼ ਕੁਮਾਰ, ਬਲਦੇਵ ਸਿੰਘ ਭੱਲ ਮਾਜਰਾ, ਮੋਹਿਤ ਸੂਦ, ਅਸੀਸ ਕੁਮਾਰ ਅੱਤਰੀ, ਸਨੀ ਚੋਪੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੜਕੀਆਂ, ਔਰਤਾਂ ਤੇ ਅਧਿਕਾਰੀ ਹਾਜਰ ਸਨ।