ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲਾਭਪਾਤਰੀਆਂ ਨੂੰ ਦਿਵਿਆਂਗ ਸਹਾਇਤਾ ਉਪਕਰਨਾਂ ਦੀ ਵੰਡ

ਮੰਡੀ ਅਰਨੀਵਾਲਾ ਜਲਾਲਾਬਾਦ ਫਾਜ਼ਿਲਕਾ 17 ਦਸੰਬਰ
ਮੰਡੀ ਅਰਨੀਵਾਲਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ)  ਦੇ ਕੈਂਪ ਵਿੱਚ ਲਾਭਪਾਤਰੀਆਂ ਨੂੰ ਦਿਵਿਆਂਗ ਸਹਾਇਤਾ ਉਪਕਰਨਾਂ ਦੀ ਵੰਡ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਲੋਕ ਭਲਾਈ ਲਈ ਦ੍ਰਿੜ ਸੰਕਲਪਿਤ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਹਿੱਤ ਲਈ ਕੰਮ ਕਰ ਰਹੀ ਹੈ ਅਤੇ ਲੋਕਾਂ ਦੀਆਂ ਆਸਾਂ ਉਮੀਦਾਂ ਅਨੁਸਾਰ ਸਰਕਾਰ ਚਲਾਈ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜਿੱਥੇ 300 ਯੂਨਿਟ ਮੁਫਤ ਬਿਜਲੀ ਹਰ ਮਹੀਨੇ ਦਿੱਤੀ ਜਾ ਰਹੀ ਹੈ ਉੱਥੇ 52 ਹਜਾਰ ਤੋਂ ਜਿਆਦਾ ਨੌਕਰੀਆਂ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਜਿੱਥੇ ਖੇਤੀ ਲਈ ਨਿਰਵਿਘਨ ਬਿਜਲੀ ਦਿੱਤੀ ਗਈ ਉੱਥੇ ਹੀ ਥਰਮਲ ਪਲਾਂਟ ਵੀ ਖਰੀਦ ਕੀਤੇ ਜਾ ਰਹੇ ਹਨ ਹਨ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਵਿਕਾਸ ਲਈ ਫੰਡ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਲੋਕ ਕਲਿਆਣਕਾਰੀ ਸਕੀਮਾਂ ਲਈ ਪੈਸੇ ਦੀ ਕੋਈ ਘਾਟ ਰਹਿਣ ਦਿੱਤੀ ਜਾਵੇਗੀ। ਉਹਨਾਂ ਆਖਿਆ ਕਿ 2022 ਦੀਆਂ ਚੋਣਾਂ ਵਿੱਚ ਲੋਕਾਂ ਨੇ ਜੋ ਮੌਕਾ ਦਿੱਤਾ ਹੈ ਅਸੀਂ ਉਸਦਾ ਕਰਜ ਮੋੜਨ ਲਈ ਲਗਾਤਾਰ ਕੰਮ ਕਰ ਰਹੇ ਹਾਂ । ਉਨਾਂ ਨੇ ਕਿਹਾ ਕਿ ਜਲਾਲਾਬਾਦ ਨੂੰ ਵਿਕਾਸ ਦਾ ਧੁਰਾ ਬਣਾਇਆ ਜਾਵੇਗਾ ਅਤੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ।
ਇਸ ਤੋਂ ਪਹਿਲਾਂ ਬੋਲਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਬੀਤੇ ਕੱਲ ਅਤੇ ਅੱਜ ਦੋ ਦਿਨਾਂ ਵਿੱਚ ਜਲਾਲਾਬਾਦ ਹਲਕੇ ਵਿੱਚ ਇਕ ਕਰੋੜ ਰੁਪਏ ਤੋਂ ਜਿਆਦਾ ਦੀ ਰਕਮ ਦਾ ਦਿਵਿਆਂਗ ਜਨਾਂ ਨੂੰ ਸਮਾਨ ਵੰਡਿਆ ਗਿਆ ਹੈ । ਕੁੱਲ 421 ਲਾਭਪਾਤਰੀਆਂ ਨੂੰ ਵੱਖ-ਵੱਖ ਉਪਕਰਨ ਮੁਹਈਆ ਕਰਵਾਏ ਗਏ ਹਨ ਤਾਂ ਜੋ ਉਹਨਾਂ ਦਾ ਜੀਵਨ ਸੁਖਾਲਾ ਹੋ ਸਕੇ। ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ। ਇਸ ਵਿੱਚ ਮੋਟਰ ਨਾਲ ਚੱਲਣ ਵਾਲੀ ਟਰਾਈ ਸਾਈਕਲ, ਹੱਥ ਨਾਲ ਚੱਲਣ ਵਾਲੀ ਟਰਾਈ ਸਾਈਕਲ ਅਤੇ ਵੀਲ ਚੇਅਰ ਤੋਂ ਇਲਾਵਾ ਸੁਣਨ ਦੀਆਂ ਮਸ਼ੀਨਾਂ ਅਤੇ ਬਜ਼ੁਰਗਾਂ ਲਈ ਹੋਰ ਸਹਾਇਕ ਸਮੱਗਰੀ ਸ਼ਾਮਿਲ ਹੈ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸਐਸਪੀ ਵਰਿੰਦਰ ਸਿੰਘ ਬਰਾੜ, ਪੰਜਾਬ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਆਲੂਵਾਲੀਆ, ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ, ਸ੍ਰੀ ਸੰਦੀਪ ਗਿਲਹੋਤਰਾ, ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਦੇਜ ਰਾਜ ਸ਼ਰਮਾ ਅਰਨੀਵਾਲਾ ਦੇ ਚੇਅਰਮੈਨ ਕੁਲਦੀਪ ਸੰਧੂ, ਕੇਵਲ ਕੰਬੋਜ, ਬਾਬਾ ਮੋਹਨ ਸਿੰਘ ਸਮੇਤ ਹੋਰ ਆਗੂ ਅਤੇ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *