ਮਾਨਸਾ, 30 ਨਵੰਬਰ :
ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤ ਪਾਲ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ’ਤੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਸਮੇਂ ਸਿਰ ਬੀਜੀ ਫਸਲ ਨੂੰ 90 ਕਿਲੋ ਯੂਰੀਆ ਖਾਦ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਯੂਰੀਆ ਦੀ ਪਹਿਲੀ 45 ਕਿਲੋ ਦੀ ਕਿਸ਼ਤ ਪਹਿਲੇ ਪਾਣੀ ਲਗਾਉਣ ਤੋਂ 2-3 ਦਿਨ ਪਹਿਲਾਂ ਪਾਈ ਜਾਵੇ ਅਤੇ ਦੂਜੀ 45 ਕਿਲੋ ਦੀ ਕਿਸ਼ਤ ਦੂਜਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਦਿੱਤੀ ਜਾਵੇ।
ਉਨ੍ਹਾਂ ਦੱਸਿਆ ਕਿ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ 35 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਹੀ ਪਾਈ ਜਾਵੇ। ਜੇ ਬਾਰਿਸ਼ਾ ਕਾਰਨ ਦੂਜੇ ਪਾਣੀ ਵਿੱਚ ਦੇਰੀ ਹੋਵੇ ਤਾਂ ਯੂਰੀਆ ਦੀ ਦੂਜੀ ਕਿਸਤ ਬਿਜਾਈ ਤੋਂ 55 ਦਿਨਾਂ ’ਤੇ ਜਰੂਰ ਦੇ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜੇ ਦੂਸਰੀ ਸਿੰਚਾਈ ਸਮੇਂ ਖੇਤ ਵਿੱਚ ਪਾਣੀ ਖੜ੍ਹ ਜਾਂਦਾ ਹੈ ਤਾਂ ਦੂਜੇ ਪਾਣੀ ਸਮੇਂ ਛੱਟੇ ਨਾਲ ਯੂਰੀਆ ਪਾਉਣ ਦੀ ਥਾਂ 7.5 ਪ੍ਰਤੀਸ਼ਤ ਯੂਰੀਆ ਘੋਲ (15 ਕਿਲੋ ਯੂਰੀਆ 200 ਲੀਟਰ ਪਾਣੀ ਵਿੱਚ) ਦੇ ਦੋ ਛਿੜਕਾਅ ਬਿਜਾਈ ਤੋਂ 42 ਅਤੇ 54 ਦਿਨਾਂ ਬਾਅਦ ਕਰੋ। ਉਨ੍ਹਾਂ ਦੱਸਿਆ ਕਿ ਛਿੜਕਾਅ ਦਾ ਪੂਰਾ ਫਾਇਦਾ ਲੈਣ ਲਈ ਧੁੱਪ ਵਾਲੇ ਦਿਨਾਂ ਵਿੱਚ ਫਸਲ ਤੇ ਦੋ ਪਾਸਾ ਛਿੜਕਾਅ ਕਰਨਾ ਚਾਹੀਦਾ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸੁਪਰ ਸੀਡਰ ਨਾਲ ਬੀਜੀ ਕਣਕ ਵਿੱਚ ਯੂਰੀਆ ਪਾਣੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਾਈ ਜਾ ਸਕਦੀ ਹੈ। ਜਿਥੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਤਿੰਨ ਸਾਲਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ, ਉਥੇ ਚੌਥੇ ਸਾਲ ਤੋਂ ਕਣਕ ਵਿੱਚ 20 ਕਿਲੋ ਯੂਰੀਆ ਪ੍ਰਤੀ ਏਕੜ ਘੱਟ ਪਾਉਣੀ ਚਾਹੀਦੀ ਹੈ। ਇਸ ਤਰ੍ਹਾਂ ਖਾਦਾਂ ਦੀ ਸੁੱਚਜੀ ਵਰਤੋਂ ਕਰਕੇ ਕਿਸਾਨ ਵੀਰ ਆਪਣਾ ਖੇਤੀ ਖਰਚਾ ਵੀ ਘਟਾ ਸਕਦੇ ਹਨ ਅਤੇ ਫਸਲ ਦਾ ਵਧੀਆ ਝਾੜ ਪ੍ਰਾਪਤ ਕਰਕੇ ਜਮੀਨ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰੱਖ ਸਕਦੇ ਹਨ।