ਮਾਨਸਾ, 25 ਨਵੰਬਰ :
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਕਿਸਾਨਾਂ ਦੇ ਖੇਤਾਂ ਦੇ ਦੌਰੇ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਵੱਲੋਂ ਪਿੰਡ ਭੈਣੀ ਬਾਘਾ ਦੇ ਕਿਸਾਨ ਸ਼੍ਰੀ ਨਿਰਮਲ ਸਿੰਘ ਦੇ ਖੇਤ ਦਾ ਮੌਕਾ ਵੇਖਿਆ ਗਿਆ।
ਇਸ ਮੌਕੇ ਕਿਸਾਨ ਨਿਰਮਲ ਸਿੰਘ ਨੇ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਦੱਸਿਆ ਕਿ ਉਸ ਵੱਲੋਂ ਝੋਨੇ ਉਪਰ ਅਖੀਰਲੀ ਦਵਾਈ ਫਲੂਬੈਂਡਾਮਾਈਡ 480 ਐਸ.ਸੀ. ਦੀ ਸਪਰੇਅ ਕੀਤੀ ਗਈ ਸੀ। ਇਸ ਤੋਂ ਬਾਅਦ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ ਅਤੇ ਉਸਦੇ ਖੇਤ ਵਿੱਚ ਗੁਲਾਬੀ ਸੁੰਡੀ ਦਾ ਬਿਲਕੁੱਲ ਵੀ ਹਮਲਾ ਨਹੀ ਪਾਇਆ ਗਿਆ।
ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿ ਝੋਨੇ ਵਿੱਚ ਗੋਭ ਵਾਲੀ ਸੁੰਡੀ ਦੀ ਰੋਕਥਾਮ ਲਈ ਵਾਢੀ ਤੋਂ ਕੁਝ ਦਿਨ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਫਾਰਿਸ਼ਸ਼ੁਦਾ ਸਪਰੇਆਂ ਕੀਤੀਆਂ ਜਾਣ ਤਾਂ ਜੋ ਕਣਕ ਦੇ ਖੇਤਾਂ ਵਿੱਚ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ।
ਇਸ ਮੌਕੇ ਸ੍ਰੀ ਹਰਬੰਸ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ, ਮਿਸ. ਜਸਲੀਨ ਕੌਰ ਧਾਲੀਵਾਲ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਗੁਰਬਖਸ ਸਿੰਘ ਖੇਤੀਬਾੜੀ ਉਪ ਨਿਰੀਖਕ, ਸ੍ਰੀ ਮਨਪ੍ਰੀਤ ਸਿੰਘ ਖੇਤੀਬਾੜੀ ਉਪ ਨਿਰੀਖਕ ਤੋਂ ਇਲਾਵਾ ਪਿੰਡ ਦੇ ਮੋਹਤਬਰ ਕਿਸਾਨ ਹਾਜ਼ਰ ਸਨ।