ਸਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਵਜੋਂ ਸੰਭਾਲਿਆ ਅਹੁਦਾ

ਲੁਧਿਆਣਾ, 30 ਜਨਵਰੀ –

2014 ਬੈਚ ਦੇ ਆਈ.ਏ.ਐਸ. ਅਧਿਕਾਰੀ ਸਾਕਸ਼ੀ ਸਾਹਨੀ ਨੇ ਅੱਜ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਸ੍ਰੀਮਤੀ ਸੁਰਭੀ ਮਲਿਕ ਦੀ ਜਗ੍ਹਾ ਇਹ ਅਹੁਦਾ ਸੰਭਾਲਿਆ।

ਅਹੁਦਾ ਸੰਭਾਲਣ ਮੌਕੇ ਸਾਕਸ਼ੀ ਸਾਹਨੀ ਨੇ ਕਿਹਾ ਕਿ ਲੋਕਾਂ ਦੇ ਸਰਕਾਰੀ ਦਫ਼ਤਰਾਂ ਵਿੱਚ ਪਾਰਦਰਸ਼ੀ ਪ੍ਰਸਾਸ਼ਕੀ ਸੇਵਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ।

ਸਾਕਸ਼ੀ ਸਾਹਨੀ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ, ‘ਲੁਧਿਆਣਾ ਜ਼ਿਲ੍ਹਾ ਇੱਕ ਮਹੱਤਵਪੂਰਨ ਜ਼ਿਲ੍ਹਾ ਹੈ, ਇੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਤਹਿਤ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁੱਜਦਾ ਕਰਨਾ ਤੇ ਲੋਕਾਂ ਨੂੰ ਸਾਫ਼-ਸੁਥਰਾ, ਪਾਰਦਰਸ਼ੀ, ਭ੍ਰਿਸ਼ਟਾਚਾਰ ਰਹਿਤ ਤੇ ਲੋਕ ਪੱਖੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਵਿਸ਼ੇਸ਼ ਪਹਿਲਕਦਮੀ ਹੋਵੇਗੀ’।

ਕਾਨੂੰਨ ਵਿਸ਼ੇ ਵਿੱਚ ਗ੍ਰੈਜੂਏਟ, ਸਾਕਸ਼ੀ ਸਾਹਨੀ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਰੱਖਣ ਸਮੇਤ ਕੰਮ ਪ੍ਰਤੀ ਵਚਨਬੱਧਤਾ ਅਤੇ ਤੁਰੰਤ ਫੈਸਲੇ ਲੈਣ ਲਈ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ ਬਤੌਰ ਡਿਪਟੀ ਕਮਿਸ਼ਨਰ ਵਜੋਂ ਪਟਿਆਲਾ ਵਿਖੇ ਸੇਵਾਵਾਂ ਨਿਭਾਅ ਰਹੇ ਸਨ ਜਦਕਿ ਉਹ ਵਧੀਕ ਸਕੱਤਰ ਕੋਆਰਡੀਨੇਸ਼ਨ ਅਤੇ ਮੁੱਖ ਸਕੱਤਰ, ਪੰਜਾਬ ਦੇ ਸਟਾਫ਼ ਅਫ਼ਸਰ ਵਜੋਂ ਚੰਡੀਗੜ੍ਹ, ਐਸ.ਏ.ਐਸ. ਨਗਰ ਵਿਖੇ ਏ.ਡੀ.ਸੀ. (ਜ) ਅਤੇ ਬਠਿੰਡਾ ਵਿਖੇ ਏ.ਡੀ.ਸੀ. (ਵਿਕਾਸ) ਵਜੋਂ ਵੀ ਆਪਣੀਆਂ ਸੇਵਾਵਾ ਦੇ ਚੁੱਕੇ ਹਨ।

ਸਾਕਸ਼ੀ ਸਾਹਨੀ ਨੇ ਲੁਧਿਆਣਾ ਵਰਗੇ ਅਹਿਮ ਜ਼ਿਲ੍ਹੇ ਵਿੱਚ ਸੇਵਾ ਕਰਨ ਦਾ ਮੌਕਾ ਦੇਣ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਸਮੇਤ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਪੜ੍ਹਾ-ਲਿਖਾ ਕੇ ਬੁਲੰਦੀਆਂ ‘ਤੇ ਪਹੁੰਚਣ ਦਾ ਮੌਕਾ ਪ੍ਰਦਾਨ ਕਰਨ ਕਿਉਂਕਿ ਧੀਆਂ ਅਸਮਾਨ ਛੂਹ ਸਕਦੀਆਂ ਹਨ। ਉਨ੍ਹਾਂ ਲੜਕੀਆਂ ਨੂੰ ਵੀ ਕਿਹਾ ਕਿ ਉਹ ਸੁਪਨੇ ਦੇਖਣ, ਜਿਨ੍ਹਾਂ ਨੂੰ ਸਾਕਾਰ ਕਰਨ ਲਈ ਉਹ ਖ਼ੁਦ ਵੀ ਹਮੇਸ਼ਾ ਲੜਕੀਆਂ ਦੀ ਮਦਦਗਾਰ ਬਣਨਗੇ।

ਉਨ੍ਹਾ ਕਿਹਾ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਲੋਕਾਂ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਰਹਿਣਗੇ ਅਤੇ ਲੋਕਾਂ ਦੀ ਸੇਵਾ ਲਈ ਕੈਂਪ ਅਧਾਰਤ ਮਾਡਲ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਉਨ੍ਹਾਂ ਦੇ ਘਰ ਨੇੜੇ ਸੁਖਾਲੀਆਂ ਹੀ ਪ੍ਰਦਾਨ ਹੋ ਸਕਣ ਅਤੇ ਲੋਕਾਂ ਨੂੰ ਉਡੀਕ ਨਾ ਕਰਨੀ ਪਵੇ। ਉਨ੍ਹਾਂ ਕਿਹਾ ਕਿ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇੱਕ ਟੀਮ ਵਜੋਂ ਕੰਮ ਕਰਨਾ ਯਕੀਨੀ ਬਣਾਉਣ।

ਇਸ ਤੋਂ ਪਹਿਲਾਂ ਨਵੇਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜਣ ‘ਤੇ ਪੰਜਾਬ ਪੁਲਿਸ ਦੀ ਟੁਕੜੀ ਨੇ ‘ਗਾਰਡ ਆਫ਼ ਆਨਰ’ ਪੇਸ਼ ਕਰਕੇ ਸਲਾਮੀ ਦਿੱਤੀ।

ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਮੌਕੇ ਏ.ਡੀ.ਸੀ.(ਜ) ਗੌਤਮ ਜੈਨ, ਏ.ਡੀ.ਸੀ. (ਜਗਰਾਉਂ) ਮੇਜਰ ਅਮਿਤ ਸਰੀਨ, ਐਸ.ਡੀ.ਐਮ. (ਪੂਰਬੀ) ਡਾ. ਹਰਜਿੰਦਰ ਸਿੰਘ ਬੇਦੀ, ਐਸ.ਡੀ.ਐਮ. ਜਗਰਾਉਂ ਗੁਰਬੀਰ ਸਿੰਘ ਕੋਹਲੀ ਤੋਂ ਇਲਾਵਾ ਜ਼ਿਲ੍ਹਾ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਨਿੱਘਾ ਸਵਾਗਤ ਕੀਤਾ।

Leave a Reply

Your email address will not be published. Required fields are marked *