ਸਰਕਾਰੀ ਮੈਡੀਕਲ ਕਾਲਜ ਮਰੀਜ਼ਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਨਾਲ ਹੋਣਗੇ ਲੈਸ- ਸਿਹਤ ਮੰਤਰੀ

ਅੰਮ੍ਰਿਤਸਰ, 18 ਅਕਤੂਬਰ 2024 (            )-

          ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੈਡੀਕਲ ਕਾਲਜ ਵਿਖੇ ਸੁਪਰ ਸਪੈਸ਼ਿਲਿਟੀ ਡਾਕਟਰਾਂ ਅਤੇ ਵਿਭਾਗਾਂ ਦੇ ਮੁਖੀਆਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਚਾਰ ਹੋਰ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ। ਇਨਾਂ ਕਾਲਜਾਂ ਵਿੱਚ ਨਵੀਆਂ ਆਸਾਮੀਆਂ ਪੁਰ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਸੁਪਰ ਸਪੈਸ਼ਲਿਟੀ ਡਾਕਟਰਾਂ ਦੀਆਂ ਆਸਾਮੀਆਂ ਨੂੰ ਵੀ ਪੁਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਨਾਂ ਖਾਲੀ ਪਈਆਂ ਆਸਾਮੀਆਂ ਨੂੰ ਭਰ ਦਿੱਤਾ ਜਾਵੇਗਾ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੁਪਰ ਸਪੈਸ਼ਿਲਿਟੀ ਡਾਕਟਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਵਿਭਾਗਾਂ ਦੀਆਂ ਕਮੀਆਂ ਸਬੰਧੀ ਰਿਪੋਰਟ ਬਣਾ ਕੇ ਉਨਾਂ ਨੂੰ ਭੇਜਣ ਤਾਂ ਜੋ ਉਨਾਂ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਵੇ।

ਸਿਹਤ ਮੰਤਰੀ ਨੇ ਕਿਹਾ ਕਿ ਹਰੇਕ ਵਿਭਾਗ ਆਪਣਾ ਇਕ ਡਾਕੂਮੈਂਟ ਵਿਜ਼ਨ ਤਿਆਰ ਕਰਕੇ ਭੇਜੇ ਜਿਸ ਵਿੱਚ ਉਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ, ਨਵੇਂ ਉਪਕਰਨਾਂ ਦੀ ਲੋੜ, ਸਟਾਫ ਸਬੰਧੀ ਜ਼ਿਕਰ ਹੋਵੇ ਉਹ ਭੇਜਿਆ ਜਾਵੇ। ਉਨਾਂ ਕਿਹਾ ਕਿ ਤੁਹਾਡੇ ਡਾਕੂਮੈਂਟ ਵਿਜ਼ਨ ਦੇ ਆਧਾਰ ਤੇ ਤੁਹਾਡੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਉਨਾਂ ਡਾਕਟਰਾਂ ਨੂੰ ਕਿਹਾ ਕਿ ਉਹ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੇ ਮੈਡੀਕਲ ਟੈਸਟ ਕਰਨ ਤਾਂ ਜੋ ਪਤਾ ਲਗ ਸਕੇ ਕਿ ਕੋਈ ਨਵੀਂ ਬਿਮਾਰੀ ਤਾਂ ਨਹੀਂ ਪੈਦਾ ਹੋ ਰਹੀ। ਉਨਾਂ ਕਿਹਾ ਕਿ ਇਸ ਨਾਲ ਸਾਨੂੰ ਇਹ ਵੀ ਪਤਾ ਲਗ ਜਾਵੇਗਾ ਕਿ ਕੋਈ ਬੱਚੇ ਨਸ਼ਾ ਆਦਿ ਤੇ ਨਹੀਂ ਕਰ ਰਹੇ।

ਇਸ ਉਪਰੰਤ ਸਿਹਤ ਮੰਤਰੀ ਨੇ ਮੈਡੀਕਲ ਕਾਲਜ ਵਿਖੇ ਚਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਸਬੰਧਤ ਵਿਭਾਗਾਂ ਦੇ ਐਕਸੀਐਨ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਚਲ ਰਹੇ ਕੰਮਾਂ ਦੀ ਡੈਡਲਾਈਨ ਨਿਸ਼ਚਿਤ ਕਰਨ। ਉਨਾਂ ਕਿਹਾ ਕਿ ਕੰਮਾਂ ਵਿੱਚ ਚਲ ਰਹੀ ਹੋਰ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।  ਸਿਹਤ ਮੰਤਰੀ ਨੇ ਸਟੇਟ ਕੈਂਸਰ ਇੰਸਟੀਚਿਊਟ ਦੀ ਇਮਾਰਤ ਦਾ ਕੰਮ ਥੀਏਟਰ ਕੰਪਲੈਕਸ, ਐਗਜਾਮੀਨੇਸ਼ਨ ਹਾਲ, ਨਵੇਂ ਮੈਡੀਕਲ ਵਾਰਡਾਂ, ਓ ਟੀ ਤੇ ਆਈ ਸੀ ਯੂ ਕੰਪਲੈਕਸ, ਐਡਵਾਂਸ ਟਰੋਮਾ ਸੈਂਟਰ, ਪੈਟ ਤੇ ਗਾਮਾ ਸਕੈਟ ਸੈਂਟਰ ਦੀ ਉਸਾਰੀ ਆਦਿ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ।

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਮੈਡੀਕਲ ਕਾਲਜ ਤੇ ਹਸਪਤਾਲ ਨਿਕਟ ਭਵਿੱਖ ਵਿਚ ਮਰੀਜਾਂ ਲਈ ਹਰ ਤਰਾਂ ਦੀ ਵਿਸ਼ਵ ਪੱਧਰੀ ਸਿਹਤ ਸਹੂਲਤ ਨਾਲ ਲੈਸ ਹੋਣਗੇ ਅਤੇ ਮਰੀਜ਼ਾਂ ਨੂੰ ਕਿਸੇ ਵੀ ਸਿਹਤ ਸਹੂਲਤ ਲਈ ਹਸਪਤਾਲ ਤੋਂ ਬਾਹਰ ਨਹੀਂ ਜਾਣਾ ਪਵੇਗਾ। ਉਨਾਂ ਕਿਹਾ ਕਿ ਹਸਪਤਾਲ ਦੇ ਅੰਦਰੋਂ ਹੀ ਮਰੀਜਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਹੋਣੀਆਂ ਚਾਹੀਦੀਆਂ ਹਨ ਅਤੇ ਉਨਾਂ ਨੂੰ ਦਵਾਈਆਂ ਅਤੇ ਟੈਸਟਾਂ ਲਈ ਬਾਹਰ ਨਹੀਂ ਜਾਣਾ ਪਵੇਗਾ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਨੇ ਗੁਰੂ ਨਾਨਕ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਪ੍ਰਬੰਧਕੀ ਅਧਿਕਾਰੀਆਂ ਨਾਲ ਕੀਤੀ ਵਿਸਥਾਰਤ ਮੀਟਿੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਨੂੰ ਤੰਦਰੁਸਤ ਤੇ ਖੁਸ਼ਹਾਲ ਵੇਖਣ ਦਾ ਹੈ, ਜਿਸ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਉਨਾਂ ਹਸਪਤਾਲ ਵਿਚ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਦੇ ਕਿਹਾ ਕਿ ਹਰੇਕ ਕੰਮ ਸਮਾਂ ਸੀਮਾ ਵਿਚ ਰਹਿ ਕੇ ਪੂਰਾ ਕੀਤਾ ਜਾਵੇ ਅਤੇ ਕੰਮ ਦੀ ਗੁਣਵਤਾ ਵਿਚ ਕੋਈ ਕਸਰ ਨਾ ਛੱਡੀ ਜਾਵੇ।

ਇਸ ਤੋਂ ਪਹਿਲਾਂ ਸਿਹਤ ਮੰਤਰੀ ਵਲੋਂ ਭਗਤ ਪੂਰਨ ਸਿੰਘ ਵਾਰਡ ਦਾ ਦੌਰਾ ਵੀ ਕੀਤਾ ਗਿਆ। ਜਿਥੇ ਉਨਾਂ ਨੇ ਡਾਕਟਰ ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਨਾਲ ਮੁਲਾਕਾਤ ਕੀਤੀ। ਉਨਾਂ ਦੱਸਿਆ ਕਿ ਇਸ ਵਾਰ ਵਿੱਚ ਲਾਵਾਰਿਸ ਮਰੀਜਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਇਸ ਵਾਰ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਾ. ਇੰਦਰਜੀਤ ਕੌਰ ਵਲੋਂ ਸਿਹਤ ਮੰਤਰੀ ਨੂੰ ਕਿਤਾਬਾਂ ਦਾ ਸੈਟ ਵੀ ਭੇਂਟ ਕੀਤਾ ਗਿਆ।

ਇਸ ਮੌਕੇ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼, ਵਾਇਸ ਪ੍ਰਿੰਸੀਪਲ ਡਾ. ਜੇ.ਪੀ. ਅਤਰੀ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਆਈ.ਪੀ.ਐਸ. ਗਰੋਵਰ, ਡਾ. ਰਚਨਾ, ਐਕਸੀਐਨ ਸ: ਚਰਨਦੀਪ ਸਿੰਘ,  ਸਿਵਲ ਸਰਜਨ ਸ੍ਰੀਮਤੀ ਕਿਰਨਦੀਪ ਕੌਰ, ਡੀ.ਜੀ.ਐਮ. ਪੈਸਕੋ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੋਂ ਸ: ਸੁਖਚੈਨ ਸਿੰਘ,  ਕਰਨਲ ਕੇ.ਐਸ. ਢਿਲੋਂ, ਐਕਸੀਐਨ ਪੀ ਡਬਲਯੂ ਡੀ ਸ੍ਰੀ ਰਾਜੀਵ ਸ਼ਰਮਾ,   ਐਕਸੀਐਨ ਪੀ ਡਬਲਯੂ ਡੀ  ਬੀ.ਐਂਡ ਆਰ ਦਿਲਬਾਗ ਸਿੰਘ ਤੋਂ ਇਲਾਵਾ ਹਸਪਤਾਲ ਵਿਚ ਕੰਮ ਕਰਵਾ ਰਹੇ ਸਾਰੇ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *