ਚਮੜੀ ਦੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ ਕੁਸ਼ਟ ਰੋਗ ਦੀ ਨਿਸ਼ਾਨੀ ਹੈ : ਡਾ. ਪਰਮਿੰਦਰ ਕੁਮਾਰ

ਫਾਜ਼ਿਲਕਾ 30 ਜਨਵਰੀ :
ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ. ਪਰਮਿੰਦਰ ਕੁਮਾਰ ਦੀ ਅਗਵਾਈ ਵਿੱਚ ਵਿਸ਼ਵ ਕੋਹੜ ਵਿਰੋਧੀ ਦਿਵਸ ਮੌਕੇ ਤੇ ਇਕ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਡੀਐਫਪੀਓ ਡਾ. ਕਵਿਤਾ ਸਿੰਘ, ਜਿਲ੍ਹਾ ਟੀਬੀ ਅਫ਼ਸਰ ਡਾ. ਨੀਲੂ ਚੁੱਘ, ਡਾ. ਮੇਘਾ ਵਿਸ਼ੇਸ਼ ਤੌਰ ਤੇ ਹਾਜਰ ਰਹੇ।

ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਇਹ ਦਿਨ ਹਰ ਸਾਲ ਵਿਸ਼ਵ ਪੱਧਰ ਤੇ ਕੋਹੜ ਦੀ ਬਿਮਾਰੀ ਦੇ ਲੱਛਣਾਂ ਅਤੇ ਬਚਾਓ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਦਿਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਹੈ, ਜਿਨਾਂ ਨੇ ਕੋਹੜ ਦੇ ਰੋਗੀਆਂ ਦੀ ਭਲਾਈ ਲਈ ਕੰਮ ਕੀਤਾ। ਇਸ ਰੋਗ ਨੂੰ ਹੈਨਸੇਨ ਰੋਗ ਵੀ ਕਿਹਾ ਜਾਂਦਾ ਹੈ ਅਤੇ ਇਸ ਸਾਲ ਇਸ ਦਿਨ ਦਾ ਥੀਮ ਹੈ- ਐਕਟ ਨਾਓ, ਏਂਡ ਲੈਪਰੋਸੀ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਦੀ ਜਾਂਚ ਅਤੇ ਇਲਾਜ ਜਿਲ੍ਹੇ ਦੀਆਂ ਸਾਰੀ ਸਰਕਾਰੀ ਸੰਸਥਾਵਾਂ ਵਿੱਚ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਬਹੁ-ਔਸ਼ਧੀ ਇਲਾਜ ਪ੍ਰਣਾਲੀ ਕੁਸ਼ਟ ਰੋਗ ਦਾ ਸ਼ਰਤੀਆ ਇਲਾਜ ਹੈ। ਉਨ੍ਹਾਂ ਕਿਹਾ ਕਿ ਚਮੜੀ ਦੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ ਕੁਸ਼ਟ ਰੋਗ ਦੀ ਨਿਸ਼ਾਨੀ ਹੁੰਦੀ ਹੈ। ਇਹ ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖ਼ਰਾਬੀ ਕਾਰਨ ਹੁੰਦਾ ਹੈ, ਜਿਸ ਕਾਰਨ ਸ਼ਰੀਰ ਦੇ ਅੰਗ ਮੁੜ ਜਾਂਦੇ ਹਨ ਅਤੇ ਕਈ ਵਾਰੀ ਇਹ ਅੰਗ ਸੱਟ ਲੱਗਣ ਤੇ ਸ਼ਰੀਰ ਤੋਂ ਵੀ ਝੜ ਜਾਂਦੇ ਹਨ। ਨੋਡਲ ਅਫ਼ਸਰ ਡਾ. ਨੀਲੂ ਚੁੱਘ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਖਾਂ ਵਿੱਚ ਇਹ ਬਿਮਾਰੀ ਹੋਣ ਤੇ ਅੱਖਾਂ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀਆਂ। ਜਿਸ ਕਾਰਣ ਅੱਖਾਂ ਵਿੱਚ ਚਿੱਟਾ ਪੈ ਜਾਂਦਾ ਹੈ ਤੇ ਮਰੀਜ਼ ਦੀ ਦੇਖਣ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਹੜ ਦੇ ਮਰੀਜਾਂ ਨਾਲ ਕਿਸੇ ਤਰਾਂ ਦਾ ਭੇਦ ਭਾਵ ਨਾ ਕੀਤਾ ਜਾਵੇ, ਇਲਾਜ ਲਈ ਪ੍ਰੇਰਿਤ ਕਰਨ ਅਤੇ ਕੁਸ਼ਟ ਰੋਗ ਮੁਕਤ ਭਾਰਤ ਅਭਿਆਨ ਲਈ ਯਤਨਸ਼ੀਲ ਰਹਿਣ ਦੀ ਸਹੁੰ ਵੀ ਚੁਕਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ, ਹਰਮੀਤ ਸਿੰਘ, ਬੀਸੀਸੀ ਸੁਖਦੇਵ ਸਿੰਘ, ਸਟੈਨੋ ਰੋਹਿਤ ਕੁਮਾਰ, ਐਮਪੀਐਚਡਬਲਯੂ (ਮੇਲ) ਵਿੱਕੀ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *