ਡੀ ਸੀ ਨੇ ਐਸ.ਡੀ.ਐਮਜ਼ ਅਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੁਖੀਆਂ ਨੂੰ ਮੰਡੀਆਂ ਵਿੱਚ ਰੋਜ਼ਾਨਾ ਦੌਰੇ ਕਰਨ ਲਈ ਕਿਹਾ

ਐਸ.ਏ.ਐਸ.ਨਗਰ, 13 ਅਕਤੂਬਰ, 2024:

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਐਸ.ਡੀ.ਐਮਜ਼ ਅਤੇ ਜ਼ਿਲ੍ਹਾ ਖਰੀਦ ਏਜੰਸੀਆਂ ਦੇ ਮੁਖੀਆਂ ਨੂੰ ਝੋਨੇ ਦੇ ਚੱਲ ਰਹੇ ਖਰੀਦ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਮੰਡੀਆਂ ਵਿੱਚ ਮੌਜੂਦ ਰਹਿਣ ਲਈ ਕਿਹਾ ਤਾਂ ਜੋ ਖਰੀਦ ਅਤੇ ਲਿਫਟਿੰਗ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਮੁਹਾਲੀ ਵਿਖੇ ਐਤਵਾਰ ਨੂੰ ਖਰੀਦ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਖਰੀਦ ਕਾਰਜਾਂ ਵਿੱਚ ਲੱਗੇ ਸਮੂਹ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਛੁੱਟੀ ਵਾਲੇ ਦਿਨ ਵੀ ਖਰੀਦ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਆਉਣ ਦਿੱਤੀ ਜਾਵੇ।

*ਉਨ੍ਹਾਂ ਕਿਹਾ ਕਿ ਅੱਜ ਸ਼ਾਮ ਆਮਦ 42701 ਮੀਟਰਿਕ ਟਨ ਤੱਕ ਪਹੁੰਚ ਗਈ ਹੈ, ਰੋਜ਼ਾਨਾ ਔਸਤ 6000 ਤੋਂ 7000 ਮੀਟਰਕ ਟਨ ਦੀ ਹੈ, ਇਸ ਲਈ ਏਜੰਸੀਆਂ ਨੂੰ ਖਰੀਦ ਵਿੱਚ ਕੋਈ ਢਿੱਲ ਨਹੀਂ ਵਰਤਣੀ ਚਾਹੀਦੀ।*

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਭਾਰਤੀ ਖੁਰਾਕ ਨਿਗਮ ਨੂੰ ਸਨੇਟਾ ਅਤੇ ਭਾਗੀਮਾਜਰਾ ਮੰਡੀਆਂ ਤੋਂ ਇਲਾਵਾ ਡੇਰਾਬੱਸੀ ਦੇ ਨਗਲਾ ਅਤੇ ਲਾਲੜੂ ਦੇ ਅਸ਼ੋਕ ਬੱਤਰਾ ਯਾਰਡ (ਅਸਥਾਈ ਮੰਡੀ) ਵਿੱਚ ਵੀ ਖਰੀਦ ਦਾ ਕੰਮ ਸੌਂਪਿਆ ਗਿਆ ਹੈ। ਸ੍ਰੀਮਤੀ ਜੈਨ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ 18 ਖਰੀਦ ਕੇਂਦਰ ਹਨ ਜਿਨ੍ਹਾਂ ਚ ਸਾਰਿਆਂ ਚ ਹੀ ਝੋਨੇ ਦੀ ਆਮਦ ਹੋ ਰਹੀ ਹੈ।

ਖਰੀਦੇ ਗਏ ਝੋਨੇ ਦੀ ਲਿਫਟਿੰਗ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਉਪ ਮੰਡਲ ਮੈਜਿਸਟਰੇਟਾਂ ਨੂੰ ਖਰੀਦ ਏਜੰਸੀਆਂ ਦੇ ਸੰਪਰਕ ਵਿੱਚ ਰਹਿਣ ਅਤੇ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਲਈ ਕਿਹਾ।

ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਵਿਜੇ ਕੁਮਾਰ ਸਿੰਗਲਾ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਖਰੜ, ਲਾਲੜੂ, ਜੜੌਤ ਅਤੇ ਡੇਰਾਬੱਸੀ ਤੋਂ ਇਲਾਵਾ ਅੱਜ ਕੁਰਾਲੀ, ਖਿਜ਼ਰਾਬਾਦ ਅਤੇ ਬਨੂੜ ਵਿਖੇ ਵੀ ਲਿਫਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਡੀ ਸੀ ਜੈਨ ਨੇ ਡੀ ਐਫ ਐਸ ਸੀ ਅਤੇ ਖਰੀਦ ਏਜੰਸੀਆਂ ਦੇ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਬਾਕੀ ਮੰਡੀਆਂ ਵਿੱਚ ਵੀ ਕੱਲ੍ਹ ਤੋਂ ਲਿਫਟਿੰਗ ਸ਼ੁਰੂ ਕਰਨੀ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਦਿਨੋ-ਦਿਨ ਖਰੀਦ ਤੇਜ਼ ਹੋਣ ਦੇ ਮੱਦੇਨਜ਼ਰ ਸਾਨੂੰ ਮੰਡੀਆਂ ਵਿੱਚ ਥਾਂ ਦੀ ਕਿੱਲਤ ਤੋਂ ਬਚਣ ਲਈ ਲਿਫਟਿੰਗ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

ਮੀਟਿੰਗ ਵਿੱਚ ਏ.ਡੀ.ਸੀ.(ਜਨਰਲ) ਵਿਰਾਜ ਐਸ.ਤਿੜਕੇ, ਐਸ.ਡੀ.ਐਮ ਮੁਹਾਲੀ ਦਮਨਦੀਪ ਕੌਰ, ਐਸ.ਡੀ.ਐਮ ਡੇਰਾਬੱਸੀ ਅਮਿਤ ਗੁਪਤਾ, ਐਸ.ਡੀ.ਐਮ ਖਰੜ ਗੁਰਮੰਦਰ ਸਿੰਘ ਅਤੇ ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ ਤੋਂ ਇਲਾਵਾ ਖਰੀਦ ਏਜੰਸੀਆਂ ਨਾਲ ਸਬੰਧਤ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *