ਕੰਮ ਸਥਾਨ ’ਤੇ ਕਾਮਿਆਂ ਦੀ ਚੰਗੀ ਮਾਨਸਿਕ ਸਿਹਤ ਬਹੁਤ ਜ਼ਰੂਰੀ : ਸਿਵਲ ਸਰਜਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਕਤੂਬਰ, 2024:
ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਅੱਜ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਸਰਗਰਮੀਆਂ ਕੀਤੀਆਂ ਗਈਆਂ। ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਾਕ-ਸਬੰਧੀਆਂ ਨੂੰ ਮਾਨਸਿਕ ਰੋਗਾਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿਤੀ ਗਈ।
ਸਿਵਲ ਸਰਜਨ ਡਾ. ਰੇਨੂੰ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ ਨੇ ਦਸਿਆ ਕਿ ਇਸ ਵਾਰ ਇਸ ਖ਼ਾਸ ਦਿਨ ਦਾ ਵਿਸ਼ਾ-ਕੰਮ ਵਾਲੇ ਸਥਾਨ ’ਤੇ ਕਾਮਿਆਂ/ਮੁਲਾਜ਼ਮਾਂ ਦੀ ਚੰਗੀ ਮਾਨਸਿਕ ਸਿਹਤ ਯਕੀਨੀ ਬਣਾਉਣ ਲਈ ਉਪਰਾਲੇ ਕਰਨਾ ਹੈ। ਉਨ੍ਹਾਂ ਕਿਹਾ ਕਿ ਕੰਮ ਵਾਲੀ ਥਾਂ ’ਤੇ ਮੁਲਾਜ਼ਮਾਂ ਵਾਸਤੇ ਹਾਂਪੱਖੀ ਮਾਹੌਲ ਸਿਰਜਣ ਅਤੇ ਕੰਮਕਾਜੀ ਜੀਵਨ ਦੇ ਤਵਾਜ਼ਨ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ।
ਅਧਿਕਾਰੀਆਂ ਨੇ ਆਖਿਆ ਕਿ ਹਰ ਵਿਅਕਤੀ ਰੋਜ਼ੀ-ਰੋਟੀ ਵਾਸਤੇ ਕਿਸੇ ਨਾ ਕਿਸੇ ਥਾਂ ’ਤੇ ਕੰਮ ਕਰਦਾ ਹੈ ਅਤੇ ਰੋਜ਼ਾਨਾ ਜੀਵਨ ਦਾ ਕਾਫ਼ੀ ਸਮਾਂ ਉਥੇ ਗੁਜ਼ਾਰਦਾ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਦੀ ਮਾਨਸਿਕ ਸਿਹਤ ਬਿਲਕੁਲ ਠੀਕ ਰਹੇ ਤਾਕਿ ਉਸ ਨੂੰ ਦਿਤਾ ਗਿਆ ਕੰਮ ਪ੍ਰਭਾਵਤ ਨਾ ਹੋਵੇ ਤੇ ਨਾ ਹੀ ਉਸ ਦੇ ਪਰਵਾਰਕ ਜੀਵਨ ’ਤੇ ਕੋਈ ਮਾੜਾ ਅਸਰ ਪਵੇ। ਜੇ ਕੋਈ ਮੁਲਾਜ਼ਮ ਮਾਨਸਿਕ ਸਿਹਤ ਵਿਗਾੜ ਤੋਂ ਪੀੜਤ ਹੈ ਤਾਂ ਉਸ ਦਾ ਤੁਰੰਤ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ।
ਇਸ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਅਧੀਨ ਜ਼ਿਲ੍ਹਾ ਪੱਧਰੀ ਨਸ਼ਾ-ਛੁਡਾਊ ਅਤੇ ਮੁੜ ਵਸੇਬਾ ਕੇਂਦਰ , ਸੈਕਟਰ 66 ਵਿਖੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਨਸ਼ੇ ਦੇ ਮਰੀਜ਼ਾਂ ਨੂੰ ਚੰਗੀ ਮਾਨਸਿਕ ਸਿਹਤ ਲਈ ਪ੍ਰੇਰਿਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਮਾਨਸਿਕ ਰੋਗ ਕਈ ਤਰ੍ਹਾਂ ਦੇ ਹੁੰਦੇ ਹਨ ਤੇ ਨਸ਼ੇ ਦੀ ਵਰਤੋਂ ਵੀ ਮਾਨਸਿਕ ਰੋਗ ਹੈ ਜਿਹੜਾ ਪੂਰੀ ਤਰ੍ਹਾਂ ਇਲਾਜਯੋਗ ਹੈ। ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਨਸ਼ਾਖ਼ੋਰੀ ਸਰੀਰਕ ਬੀਮਾਰੀ ਹੈ ਜਦਕਿ ਇਹ ਧਾਰਨਾ ਬਿਲਕੁਲ ਗ਼ਲਤ ਹੈ। ਨਸ਼ੇ ਦਾ ਸੇਵਨ ਮਾਨਸਿਕ ਰੋਗ ਹੈ ਤੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਸ ਰੋਗ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਨਸ਼ੇ ਦਾ ਆਦੀ ਕੋਈ ਵੀ ਵਿਅਕਤੀ ਇਸ ਆਦਤ ਤੋਂ ਖਹਿੜਾ ਛੁਡਾ ਸਕਦਾ ਹੈ, ਜਿਸ ਲਈ ਉਸ ਅੰਦਰ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਮਰੀਜ਼ ਨੂੰ ਦਵਾਈਆਂ ਜਾਂ ਸਲਾਹ-ਮਸ਼ਵਰੇ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਮੌਕੇ ਮਾਨਸਿਕ ਰੋਗ ਮਾਹਰ ਡਾ. ਪੂਜਾ, ਹਰਤੇਕ ਫ਼ਾਊਂਡੇਸ਼ਨ ਦੇ ਸੀ.ਈ.ਓ. ਹਰਕੀਰਤ ਕੌਰ, ਮੈਨੇਜਰ ਨੇਕ ਰਾਮ ਆਦਿ ਮੌਜੂਦ ਸਨ।
ਮਾਨਸਿਕ ਰੋਗਾਂ ਦੇ ਮੁੱਖ ਲੱਛਣ:-
ਬਹੁਤ ਘੱਟ ਜਾਂ ਜ਼ਿਆਦਾ ਨੀਂਦ ਆਉਣਾ
ਭੁੱਖ ਘੱਟ ਜਾਂ ਜ਼ਿਆਦਾ ਲਗਣਾ
ਮਜਬੂਰ ਜਾਂ ਬੇਆਸ ਮਹਿਸੂਸ ਕਰਨਾ
ਬਹੁਤ ਜ਼ਿਆਦਾ ਸੋਚਣਾ
ਵਾਰ-ਵਾਰ ਸ਼ੀਸ਼ਾ ਵੇਖਣਾ
ਲੋਕਾਂ ਤੋਂ ਦੂਰ ਜਾਣਾ
ਮਨ ਦਾ ਉਦਾਸ ਰਹਿਣਾ
ਕਿਸੇ ਨਾਲ ਗੱਲ ਕਰਨ ਨੂੰ ਦਿਲ ਨਾ ਕਰਨਾ
ਰੋਣ ਜਾਂ ਖ਼ੁਦਕੁਸ਼ੀ ਕਰਨ ਨੂੰ ਦਿਲ ਕਰਨਾ

Leave a Reply

Your email address will not be published. Required fields are marked *