ਪਰਾਲੀ ਦੇ ਨਿਪਟਾਰੇ ਲਈ ਸਹਿਕਾਰੀ ਸਭਾਵਾਂ ਅਤੇ ਪੰਚਾਇਤੀ ਖੇਤੀ ਮਸ਼ੀਨਰੀ ਦੀ ਵਰਤੋਂ ਛੋਟੇ ਕਿਸਾਨਾਂ ਲਈ ਹੋਵੇਗੀ ਮੁਫਤ

ਫ਼ਰੀਦਕੋਟ 2 ਅਕਤੂਬਰ ()
ਜਿਲ੍ਹਾ ਫਰੀਦਕੋਟ ਵਿੱਚ ਸਾਲ 2024 -25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜੀਰੋ ਪੱਧਰ ਤੇ ਲਿਆਉਣ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਇਸ ਵਾਰ ਸਹਿਕਾਰੀ ਸਭਾਵਾਂ ਅਤੇ ਗ੍ਰਾਮ ਪੰਚਾਇਤਾਂ ਕੋਲ ਮੌਜੂਦ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਛੋਟੇ ਕਿਸਾਨਾਂ ਤੋਂ ਮਸੀਨਰੀ ਦਾ ਕੋਈ ਕਿਰਾਇਆ ਨਹੀਂ ਵਸੂਲਿਆ ਜਾਵੇਗਾ ਤਾਂ ਜੋ ਛੋਟੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਵਿਚ ਕੋਈ ਮੁਸ਼ਕਲ ਨਾ ਆਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਛੋਟੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰਖਦਿਆਂ ਪੰਜਾਬ ਸਰਕਾਰ ਵਲੋਂ ਸਹਿਕਾਰੀ ਸਭਾਵਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਪਰਾਲੀ ਸਾਂਭਣ ਲਈ ਖੇਤੀ ਮਸ਼ੀਨਰੀ 80% ਫੀਸਦੀ ਸਬਸਿਡੀ ਤੇ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਛੋਟੇ ਕਿਸਾਨ ਇਹਨਾਂ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਦੀ ਸੰਭਾਲ ਕਰ ਸਕਣ।
ਉਨ੍ਹਾਂ ਦੱਸਿਆ ਕਿ ਫਰੀਦਕੋਟ ਦੀਆਂ ਸਹਿਕਾਰੀ ਸਭਾਵਾਂ ਵਿੱਚ ਕੁੱਲ 644 ਮਸ਼ੀਨਾ ਮੌਜੂਦ ਹਨ । ਇਸ ਤੋਂ ਇਲਾਵਾ 51 ਗ੍ਰਾਮ ਪੰਚਾਇਤਾਂ ਕੋਲ 144 ਖੇਤੀ ਮਸ਼ੀਨਾਂ ਹਨ, ਜਿਸ ਤੇ ਵੀ ਇਹੀ ਨਿਯਮ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਕੀਤੇ ਗਏ ਫੈਸਲੇ ਅਨੁਸਾਰ 2.5 ਏਕੜ ਮਾਲਕੀ ਵਾਲੇ ਕਿਸਾਨਾਂ ਕੋਲੋਂ ਕੋਈ ਕਿਰਾਇਆ ਨਹੀਂ ਵਸੂਲਿਆ ਜਾਵੇਗਾ, 2.5 ਤੋਂ 5 ਏਕੜ ਵਾਲੇ ਕਿਸਾਨਾਂ ਤੋਂ ਵੀ ਕੋਈ ਕਿਰਾਇਆ ਨਹੀਂ ਵਸੂਲਿਆ ਜਾਵੇਗਾ ਪਰ ਜੇਕਰ ਉਹ ਨਾਲ ਟਰੈਕਟਰ ਲੈ ਕੇ ਜਾਂਦੇ ਹਨ ਤਾਂ ਉਸ ਦੇ ਡੀਜ਼ਲ ਦੀ ਕੀਮਤ ਵਸੂਲੀ ਜਾਵੇਗੀ ਅਤੇ 5 ਏਕੜ ਤੋਂ ਵੱਧ ਮਾਲਕੀ ਵਾਲੇ ਕਿਸਾਨਾਂ ਲਈ ਸਰਕਾਰੀ ਰੇਟ ਵਾਲਾ ਕਿਰਾਇਆ ਵਸੂਲਿਆ ਜਾਵੇਗਾ ।
ਉਨ੍ਹਾਂ ਛੋਟੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਸ ਹਾਲਤ ਵਿਚ ਕਣਕ ਦੀ ਬਿਜਾਈ ਕਰਨ ਲਈ ਮਸ਼ੀਨ ਲੈ ਕੇ ਜਾਣ ਉਸੇ ਹਾਲਤ ਵਿਚ ਮਸ਼ੀਨ ਵਾਪਿਸ ਕਰਨ ਤਾਂ ਜੋ ਹੋਰ ਛੋਟੇ ਕਿਸਾਨ ਵੀ ਇਸ ਨੂੰ ਵਰਤ ਸਕਣ । ਉਨ੍ਹਾਂ ਕਿਹਾ ਕਿ ਕਿਸਾਨ ਵੀਰ ਜ਼ਿਲਾ ਫਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਣਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਮਿੱਥੇ ਟੀਚੇ ਦੀ ਪੂਰਤੀ ਲਈ ਸਹਿਯੋਗ ਕਰਨ ਅਤੇ ਕਿਸੇ ਵੀ ਹਾਲਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸਬੰਧਤ ਖੇਤੀਬਾੜੀ ਅਧਿਕਾਰੀਆਂ , ਉਪ ਰਜਿਸਟਰ ,ਸਕੱਤਰ ਸਹਿਕਾਰੀ ਸਭਾ ਜਾਂ ਬੀ.ਡੀ.ਪੀ.ਓ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *