ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸੰਘਣੀ ਧੁੰਦ ਦੀ ਲਪੇਟ ‘ਚ, ਵਿਜ਼ੀਬਿਲਟੀ ਪਹੁੰਚੀ 25 ਮੀਟਰ ਤੋਂ ਹੇਠਾਂ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪੂਰੀ ਤਰ੍ਹਾਂ ਧੂੰਏਂ ਦੀ ਲਪੇਟ ਵਿੱਚ ਹਨ। ਇੱਥੋਂ ਦੇ ਕਈ ਸ਼ਹਿਰਾਂ ਵਿੱਚ ਵਿਜ਼ੀਬਿਲਟੀ 25 ਮੀਟਰ ਤੋਂ ਹੇਠਾਂ ਪਹੁੰਚ ਗਈ ਹੈ। ਅੰਮ੍ਰਿਤਸਰ ‘ਚ ਸੀਤ ਲਹਿਰ ਕਾਰਨ ਇਕ ਸਕੂਲੀ ਬੱਚੇ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਲਗਭਗ 3 ਡਿਗਰੀ ਦਾ ਅੰਤਰ ਹੈ। ਅੱਜ ਵੀ ਸੂਰਜ ਦੇ ਚਮਕਣ ਦਾ ਕੋਈ ਨਿਸ਼ਾਨ ਨਹੀਂ ਹੈ। ਸੋਮਵਾਰ ਤੱਕ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਚਾ ਸਰਕਾਰੀ ਐਲੀਮੈਂਟਰੀ ਸਕੂਲ ਵਰਿਆਣਾ ਅੰਮ੍ਰਿਤਸਰ ਵਿੱਚ ਪੜ੍ਹਦਾ ਸੀ। ਮ੍ਰਿਤਕ ਪ੍ਰਦੀਪ ਸਿੰਘ ਦੀ ਉਮਰ ਕਰੀਬ 5 ਸਾਲ ਸੀ। ਸਕੂਲ ਦੀ ਪ੍ਰਿੰਸੀਪਲ ਆਦਰਸ਼ ਕੌਰ ਸੰਧੂ ਨੇ ਦੱਸਿਆ ਕਿ ਬੱਚੇ ਨੂੰ ਪਹਿਲਾਂ ਠੰਢ ਕਾਰਨ ਬੁਖਾਰ ਹੋਇਆ ਸੀ। ਉਸ ਦਾ ਬੁਖਾਰ ਵਧਦਾ ਗਿਆ ਅਤੇ ਦਿਮਾਗ ਤੱਕ ਪਹੁੰਚ ਗਿਆ। ਜਿਸ ਤੋਂ ਬਾਅਦ ਕੱਲ੍ਹ ਉਸ ਦੀ ਮੌਤ ਹੋ ਗਈ।

ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਅਤੇ ਪਟਿਆਲਾ, ਹਰਿਆਣਾ ਦੇ ਅੰਬਾਲਾ ਅਤੇ ਚੰਡੀਗੜ੍ਹ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ 25 ਮੀਟਰ ਤੱਕ ਪਹੁੰਚ ਗਈ ਹੈ। ਜਿਸ ਕਾਰਨ ਰੇਲ ਅਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਲੋਕਾਂ ਨੂੰ ਹਾਈਵੇਅ ‘ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਅਤੇ ਆਉਣ ਵਾਲੇ ਘੰਟਿਆਂ ਵਿੱਚ ਧੁੰਦ ਹੋਰ ਵੀ ਸੰਘਣੀ ਹੋ ਸਕਦੀ ਹੈ।

ਧੁੰਦ ਕਾਰਨ ਮੌਸਮ ਵਿਭਾਗ ਨੇ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਮਾਝੇ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਇਲਾਵਾ ਦੋਆਬੇ ਦੇ ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮਾਲਵੇ ਦੇ ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਆਰੇਂਜ ਅਲਰਟ ਦਿੱਤਾ ਗਿਆ ਹੈ।

ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਹੈ। ਇੱਥੇ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ 3 ਡਿਗਰੀ ਦਾ ਫ਼ਰਕ ਸੀ। ਬੀਤੀ ਸ਼ਾਮ ਅੰਮ੍ਰਿਤਸਰ ਵਿੱਚ ਦਿਨ ਦਾ ਤਾਪਮਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸਭ ਤੋਂ ਘੱਟ ਰਿਹਾ। ਇੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਸਿਰਫ਼ 9.5 ਡਿਗਰੀ ਦਰਜ ਕੀਤਾ ਗਿਆ ਜਦੋਂਕਿ ਰਾਤ ਦਾ ਤਾਪਮਾਨ 5.9 ਡਿਗਰੀ ਦਰਜ ਕੀਤਾ ਗਿਆ।

ਦਿਨ ਦਾ ਵੱਧ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ 9.5 ਡਿਗਰੀ ਅਤੇ ਬਠਿੰਡਾ ਵਿੱਚ 10 ਡਿਗਰੀ ਦਰਜ ਕੀਤਾ ਗਿਆ। ਹਰਿਆਣਾ ਦੇ ਜੀਂਦ ਵਿੱਚ ਦਿਨ ਦਾ ਤਾਪਮਾਨ 10.7 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਦਿਨ ਦਾ ਤਾਪਮਾਨ 16.2 ਡਿਗਰੀ ਦਰਜ ਕੀਤਾ ਗਿਆ।

Leave a Reply

Your email address will not be published. Required fields are marked *