ਜ਼ਿਲ੍ਹਾ ਫਾਜ਼ਿਲਕਾ ਵਿਚ ਇਕ ਦਿਨ ਵਿਚ ਲੰਬਿਤ ਪਏ ਇੰਤਕਾਲਾਂ ਦੇ 894 ਮਾਮਲੇ ਨਿਪਟਾਏ-ਡਿਪਟੀ ਕਮਿਸ਼ਨਰ

ਫਾਜ਼ਿਲਕਾ, 7 ਜਨਵਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਪੂਰੇ ਪੰਜਾਬ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ‘ਚ ਲੋਕਹਿੱਤ ਨੂੰ ਮੁੱਖ ਰੱਖਦੇ ਹੋਏ ਇੰਤਕਾਲ ਦੇ ਪੈਂਡਿੰਗ (ਲੰਬਿਤ) ਪਏ ਮਾਮਲੇ ਨਿਪਟਾਉਣ ਲਈ ਵਿਸ਼ੇਸ਼ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਦੌਰਾਨ ਸੂਬੇ ਅੰਦਰ ਇੰਤਕਾਲ ਦੇ ਲੰਬਿਤ ਪਏ 31538 ਮਾਮਲੇ ਨਿਪਟਾਏ ਗਏ ਹਨ।
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਲਗਾਏ ਗਏ ਕੈਂਪ ਦੌਰਾਨ ਇਕ ਦਿਨ ਵਿਚ ਲੰਬਿਤ ਪਏ ਇੰਤਕਾਲਾਂ ਦੇ 894 ਮਾਮਲੇ ਨਿਪਟਾਏ ਗਏ ਹਨ। ਕੈਂਪਾਂ ਦੌਰਾਨ ਤਹਿਸੀਲ ਫਾਜ਼ਿਲਕਾ ਵਿਖੇ 178 ਵਸਨੀਕਾਂ ਦੇ ਇੰਤਕਾਲ, ਅਬੋਹਰ ਤਹਿਸੀਲ ਵਿਖੇ 300 ਇੰਤਕਾਲ, ਜਲਾਲਾਬਾਦ ਤਹਿਸੀਲ ਵਿਖੇ 236 ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ। ਇਸੇ ਤਰ੍ਹਾਂ ਸਬ ਤਹਿਸੀਲ ਅਰਨੀਵਾਲਾ ਸ਼ੇਖ ਸੁਭਾਨ ਵਿਖੇ 87 ਇੰਤਕਾਲ, ਖੂਈਆਂ ਸਰਵਰ ਸਬ ਤਹਿਸੀਲ ਵਿਖੇ 75 ਇੰਤਕਾਲ ਅਤੇ ਸਬ ਤਹਿਸੀਲ ਸੀਤੋ ਗੁਨੌ ਵਿਖੇ 18 ਇੰਤਕਾਲ ਦਰਜ ਕੀਤੇ ਗਏ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਖੱਜਲ ਖ਼ੁਆਰੀ ਘਟਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵਿਚ ਜੇਕਰ ਕਿਸੇ ਵੀ ਪੱਧਰ ‘ਤੇ ਲੋਕਾਂ ਨੂੰ ਕੰਮ ਕਰਵਾਉਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਨੰਬਰ 8184900002 ਜਾਰੀ ਕੀਤਾ ਹੋਇਆ ਹੈ ਜਿਸ ‘ਤੇ ਲਿਖਤੀ ਸ਼ਿਕਾਇਤ ਵੱਟਸਐਪ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੀ ਹਦਾਇਤਾਂ ਮੁਤਾਬਕ ਲੋਕ ਹਿਤ ਨੂੰ ਮੁੱਖ ਰੱਖਦਿਆਂ 15 ਜਨਵਰੀ ਨੂੰ ਮੁੜ ਤੋਂ ਇਹ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਤੇ ਲੋਕਾਂ ਦੇ ਮਸਲੇ ਹਲ ਕੀਤੇ ਜਾਣਗੇ।

Leave a Reply

Your email address will not be published. Required fields are marked *