ਬਾਬਾ ਫਰੀਦ ਆਗਮਨ ਪੁਰਬ 2024 ਮੇਲੇ ਦਾ ਪੋਸਟਰ ਜਾਰੀ

ਫਰੀਦਕੋਟ 16 ਸਤੰਬਰ () ਬਾਬਾ ਸ਼ੇਖ ਫਰੀਦ ਆਗਮਨ ਪੁਰਬ 2024 ਮੇਲੇ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਅਤੇ ਐਸ.ਐਸ.ਪੀ. ਡਾ. ਪ੍ਰੱਗਿਆ ਜੈਨ ਵੱਲੋਂ ਮੀਡੀਆ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਮੇਲੇ ਦੀ ਸਫਲਤਾ ਲਈ ਪ੍ਰੈਸ ਤੇ ਆਮ ਲੋਕਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ।

ਮੇਲੇ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਬਾਬਾ ਫਰੀਦ ਆਗਮਨ ਪੁਰਬ ਦਾ ਆਰੰਭ 19 ਸਤੰਬਰ ਨੂੰ ਟਿੱਲਾ ਬਾਬਾ ਫਰੀਦ ਵਿਖੇ ਸ੍ਰੀ ਸੁਖਮਨੀ ਸਹਿਬ ਦੇ ਪਾਠ ਨਾਲ ਹੋਵੇਗਾ। ਇਸ ਉਪਰੰਤ ਨਹਿਰੂ ਸਟੇਡੀਅਮ ਵਿਖੇ ਖੇਡ ਮੇਲੇ ਦੀ ਸੁਰੂਆਤ ਹੋਵੇਗੀ, ਬਾਬਾ ਫਰੀਦ ਸਾਹਿਤ ਮੇਲਾ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਅਤੇ ਨਵੀਂ ਦਾਣਾ ਮੰਡੀ ਵਿਖੇ ਕੌਮੀ ਲੋਕ ਨਾਚ ਅਤੇ ਕਰਾਫਟ ਮੇਲਾ ਹੋਵੇਗਾ। ਇਸੇ ਤਰ੍ਹਾਂ ਰਾਣੀ ਰਣਦੀਪ ਦਾ ਸੱਭਿਆਚਾਰਕ ਪ੍ਰੋਗਰਾਮ ਨਵੀਂ ਦਾਣਾ ਮੰਡੀ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 20 ਸਤੰਬਰ ਨੂੰ ਵਿਰਾਸਤੀ ਕਾਫਲਾ ਕਿਲਾ ਮੁਬਾਰਕ ਤੋਂ ਦਰਬਾਰ ਗੰਜ ਫਰੀਦਕੋਟ ਤੱਕ ਹੋਵੇਗਾ ਅਤੇ ਪੇਂਟਿੰਗ ਪ੍ਰਦਰਸ਼ਨੀ, ਸੁਰੀਲੇ ਕੰਠ ਪ੍ਰੋਗਰਾਮ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ, ਡਰਾਮਾ ਫੈਸਟੀਵਲ( ਮਿਰਜ਼ਾ, ਟੈਨਸ਼ਨ ਫਰੀ) ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿਖੇ, ਇਸੇ ਤਰ੍ਹਾਂ ਰਾਜੇਸ਼ ਪੰਵਰ (ਮੁਹੰਮਦ ਰਫੀ ਸਾਹਿਬ ਦੀ ਯਾਦੇ) ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਨਵੀਂ ਦਾਣਾ ਮੰਡੀ ਵਿਖੇ ਕੌਮੀ ਲੋਕ ਨਾਚ ਹੋਣਗੇ। ਮਿਤੀ 21 ਸਤੰਬਰ ਨੂੰ ਤਰਕਸ਼ੀਲ ਨਾਟਕ ਮੇਲਾ ਨਵੀਂ ਦਾਣਾ ਮੰਡੀ ਵਿਖੇ, ਕੌਮੀ ਲੋਕ ਨਾਚ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਪੰਜਗਰਾਈਂ ਖੁਰਦ ਅਤੇ ਲਵਜੀਤ ਖਾਨ (ਸੂਫੀਆਨਾ ਸ਼ਾਮ) ਨਵੀਂ ਦਾਣਾ ਮੰਡੀ ਫਰੀਦਕੋਟ ਵਿਖੇ ਹੋਵੇਗੀ। ਮਿਤੀ 22  ਸਤੰਬਰ ਨੂੰ ਕੌਮੀ ਲੋਕ ਨਾਚ ਜਨ ਕਲਿਆਣ ਭਵਨ  ਜ਼ੀਰਾ, ਅਤੇ ਨਵੀਂ ਦਾਣਾ ਮੰਡੀ ਫਰੀਦਕੋਟ ਵਿਖੇ, ਅਤੇ ਸਟਾਰ ਨਾਈਟ (ਕੰਵਰ ਗਰੇਵਾਲ) ਨਵੀਂ ਦਾਣਾ ਮੰਡੀ ਵਿਖੇ ਹੋਣਗੇ। ਕਵੀ ਦਰਬਾਰ ਦੇਸ਼ ਭਗਤ ਪੰਡਿਤ ਚੇਤਨ ਦੇਵ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਹੋਵੇਗਾ। ਇਸ ਤਰ੍ਹਾਂ ਮਿਤੀ 23 ਸਤੰਬਰ ਨੂੰ ਨਗਰ ਕੀਰਤਨ ਟਿੱਲਾ ਬਾਬਾ ਫਰੀਦ ਜੀ ਤੋਂ, ਹਾਕੀ ਟੂਰਨਾਮੈਂਟ, ਕਬੱਡੀ ਟੂਰਨਾਮੈਂਟ, ਬਾਸਕਟਬਾਲ ਟੂਰਨਾਮੈਂਟ, ਨਹਿਰੂ ਸਟੇਡੀਅਮ ਫਰੀਦਕੋਟ ਅਤੇ ਨਵੀਂ ਦਾਣਾ ਮੰਡੀ ਵਿਖੇ ਕੌਮੀ ਲੋਕ ਨਾਚ ਹੋਵੇਗਾ। ਮਿਤੀ 19 ਤੋਂ 29 ਸਤੰਬਰ ਤੱਕ ਕਰਾਫਟ ਮੇਲਾ ਨਵੀਂ ਦਾਣਾ ਮੰਡੀ ਫਰੀਦਕੋਟ ਵਿਖੇ ਲੱਗੇਗਾ, ਜਿਸ ਵਿੱਚ ਫੂਡ ਕੋਰਟ, ਝੂਲੇ, ਮੰਨੋਰੰਜਨ ਆਈਟਮਾਂ ਆਕਰਸ਼ਨ ਦਾ ਕੇਂਦਰ ਹੋਣਗੀਆਂ । ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਦੀ ਅਪੀਲ ਵੀ ਕੀਤੀ।

ਇਸ ਮੌਕੇ ਐਸ.ਐਸ.ਪੀ. ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਪੁਲਿਸ ਵੱਲੋਂ ਜਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਬਾਬਾ ਫਰੀਦ ਆਗਮਨ ਪੁਰਬ ਮੇਲੇ ਲਈ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਲੋੜ ਅਨੁਸਾਰ ਨਗਰ ਕੀਰਤਨ ਜਾਂ ਸੂਫੀ ਨਾਈਟ ਵਾਲੇ ਦਿਨ ਟਰੈਫਿਕ ਦੇ ਰੂਟ ਵਿੱਚ ਤਬਦੀਲੀ ਵੀ ਕੀਤੀ ਜਾਵੇਗੀ। ਉਨ੍ਹਾਂ ਸੁਰੱਖਿਆ ਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਿਲਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਆਪਣਾ ਫਰਜ਼ ਸਮਝ ਕੇ ਮਿਲਵਰਤਨ ਤੇ ਸਹਿਯੋਗ ਕਰੇ ਤਾਂ ਜੋ ਮੇਲੇ ਨੂੰ ਯਾਦਗਾਰੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਵੱਖ ਵੱਖ ਥਾਵਾਂ ਤੇ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਵੀ ਅਪੀਲ ਕਰਨਗੇ ਕਿ ਉਹ ਲੰਗਰ ਲਗਾਉਣ ਵਾਲੀ ਥਾਂ ਬਾਰੇ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਟਰੈਫਿਕ ਦੇ ਸੁਚਾਰੂ ਪ੍ਰਬੰਧ ਕੀਤੇ ਜਾ ਸਕਣ । ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਸ਼ਹਿਰ ਵਿੱਚ ਨਾਕੇ ਲਗਾਏ ਜਾਣਗੇ ਤਾਂ ਜੋ ਲੋੜ ਪੈਣ ਤੇ ਪੁਲਿਸ ਵੱਲੋਂ ਸਥਿਤੀ ਸੰਭਾਲੀ ਜਾ ਸਕੇ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਸੁਰੱਖਿਆ ਵਜੋਂ 8 ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ 1400 ਤੋਂ ਵੱਧ ਪੁਲਿਸ ਕਰਮੀ ਸੁਰੱਖਿਆ ਲਈ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਸੀ.ਸੀ.ਟੀ.ਵੀ ਕੈਮਰੇ, ਡਰੋਨ ਰਾਹੀਂ ਵੀ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਟ੍ਰੈਫਿਕ ਰੂਟ ਬਣਾਏ ਜਾਣਗੇ ਅਤੇ ਆਮ ਲੋਕਾਂ ਨੂੰ ਮੀਡੀਆ, ਫਲੈਕਸ ਬੋਰਡਾਂ ਰਾਹੀਂ ਜਾਣੂ ਕਰਵਾਇਆ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵੱਲੋਂ ਬਾਬਾ ਫਰੀਦ ਆਗਮਨ ਪੁਰਬ ਦੇ ਸਮਾਗਮਾਂ ਸਬੰਧੀ ਕਲੰਡਰ ਵੀ ਜਾਰੀ ਕੀਤੇ ਗਏ। ਇਸ ਮੌਕੇ ਸਕੱਤਰ ਜਿਲਾ ਰੈਡ ਕਰਾਸ ਸ੍ਰੀ ਮਨਦੀਪ ਮੌਂਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੀਡੀਆ ਦੇ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published. Required fields are marked *