ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ : ਗੁਰਮੀਤ ਸਿੰਘ ਖੁੱਡੀਆਂ

ਬਠਿੰਡਾ, 15 ਸਤੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਦਾ ਰਹੇ ਹਨ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਥਾਨਕ ਸਰਕਾਰੀ ਰਜਿੰਦਰਾ ਕਾਲਜ ਚ ਸਥਿਤ ਹਾਕੀ ਸਟੇਡੀਅਮ ਵਿਖੇ ਕਰਵਾਏ ਗਏ ਦੋ ਰੋਜ਼ਾ ਹਾਕੀ ਟੂਰਨਾਮੈਂਟ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਸ ਜਗਰੂਪ ਸਿੰਘ ਗਿੱਲ, ਏਡੀਜੀਪੀ ਬਠਿੰਡਾ ਰੇਂਜ ਸ੍ਰੀ ਐਸਪੀਐਸ ਪਰਮਾਰ, ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਮੈਡਮ ਅਮਨੀਤ ਕੌਂਡਲ, ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਜਤਿੰਦਰ ਭੱਲਾ ਅਤੇ ਚੇਅਰਮੈਨ ਸ਼ੂਗਰਫੈਡ ਪੰਜਾਬ ਸ. ਨਵਦੀਪ ਜੀਦਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਇਸ ਮੌਕੇ ਕੈਬਨਿਟ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਨੇ ਕਰਵਾਏ ਗਏ ਇਸ ਹਾਕੀ ਟੂਰਨਾਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਸ ਤਰ੍ਹਾਂ ਦੇ ਭਵਿੱਖੀ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਨੌਜਵਾਨ ਜਿੱਥੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹਨ, ਉੱਥੇ ਹੀ ਉਹ ਸਮਾਜ ਵਿਚ ਇਕ ਚੰਗੇ ਨਾਗਰਿਕ ਦੇ ਤੌਰ ‘ਤੇ ਆਪਣੀ ਪਹਿਚਾਣ ਬਣਾ ਸਕਦੇ ਹਨ।
ਇਸ ਦੌਰਾਨ ਵਿਧਾਇਕ ਸ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਨਰੋਈ ਸਿਹਤ ਅਤੇ ਨਾਮਣੇ ਲਈ ਨੌਜਵਾਨਾਂ ਦਾ ਖੇਡ ਮੈਦਾਨਾਂ ਨਾਲ ਜੁੜਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਸਭ ਤੋਂ ਵੱਡੀ ਕਮਾਈ ਹੈ ਅਤੇ ਖੇਡਾਂ ਸਰੀਰਿਕ ਤੰਦਰੁਸਤੀ ਦਾ ਰਾਜ ਹਨ। ਖੇਡ ਮੈਦਾਨਾਂ ਵਿਚ ਆਈਆਂ ਰੌਣਕਾਂ ਹੀ ਰੰਗਲੇ ਪੰਜਾਬ ਦੀ ਤਰਜਮਾਨੀ ਕਰਦੀਆਂ ਹਨ।
ਇਸ ਮੌਕੇ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਅੰਦਰ ਨੈਤਿਕ ਗੁਣਾਂ, ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ। ਖਿਡਾਰੀ ਕਿਸੇ ਵੀ ਦੇਸ਼ ਜਾਂ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ। ਜਦੋਂ ਉਹ ਆਪਣੀ ਖੇਡ ਜ਼ਰੀਏ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਿੱਤ ਦੇ ਝੰਡੇ ਗੱਡਦੇ ਹਨ ਤਾਂ ਸਮੁੱਚੇ ਦੇਸ਼-ਵਾਸੀਆਂ ਦਾ ਸੀਨਾ ਚੌੜਾ ਹੋ ਜਾਂਦਾ ਹੈ।
ਇਸ ਦੌਰਾਨ ਐਸਪੀਐਸ ਪਰਮਾਰ ਨੇ ਕਿਹਾ ਕਿ ਰਾਜ ਸਰਕਾਰ ਨੌਜਵਾਨਾਂ ਨੂੰ ਜਿੱਥੇ ਖੇਡਾਂ ਨਾਲ ਜੋੜ ਕੇ ਖਿਡਾਰੀਆਂ ਦਾ ਇਨਾਮੀ ਰਾਸ਼ੀ ਨਾਲ ਸਨਮਾਨ ਕਰ ਰਹੀ ਹੈ, ਉੱਥੇ ਹੀ ਖਿਡਾਰੀਆਂ ਸਮੇਤ ਸੂਬੇ ਦੇ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਸਮਰੱਥ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਇਨ੍ਹਾਂ ਖੇਡਾਂ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਚੰਗੇ ਖਿਡਾਰੀ ਪਿੰਡਾਂ ਵਿੱਚੋਂ ਪੈਦਾ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।
ਕਰਵਾਏ ਗਏ ਇਨ੍ਹਾਂ ਟੂਰਨਾਮੈੰਟਾਂ ਚ ਡੀਏਵੀ ਕਾਲਜ ਬਠਿੰਡਾ ਦੀ ਟੀਮ ਨੇ ਸਪੋਰਟਸ ਕਲੱਬ ਘੁੱਦਾ ਦੀ ਟੀਮ ਨੂੰ ਹਰਾ ਕੇ 21 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਇਸੇ ਤਰ੍ਹਾਂ ਕੋਚਿੰਗ ਸੈੰਟਰ ਬਠਿੰਡਾ ਨੇ ਭਾਈ ਬਹਿਲੋ ਕਲੱਬ ਭਗਤਾ ਭਾਈ ਨੂੰ ਹਰਾ ਕੇ 11 ਹਜ਼ਾਰ ਰੁਪਏ ਦਾ ਇਨਾਮ ਹਾਸਲ ਕੀਤਾ। ਇਸ ਦੌਰਾਨ ਗੁਰੂ ਦੀਆਂ ਫ਼ੌਜਾਂ ਵੱਲੋਂ ਗੱਤਕੇ ਵੀ ਪੇਸ਼ ਕੀਤਾ ਗਿਆ।
ਇਸ ਤੋਂ ਇਲਾਵਾ ਪੰਜਾਬ ਦੀ ਪ੍ਰਸਿੱਧ ਗਾਇਕ ਜਸਵਿੰਦਰ ਬਰਾੜ ਵੱਲੋਂ ਆਪਣੇ ਫ਼ਨ ਦਾ ਮੁਜਹਾਰਾ ਕੀਤਾ ਗਿਆ ਅਤੇ ਵੱਖ-ਵੱਖ ਤਰ੍ਹਾਂ ਸੱਭਿਆਚਾਰਕ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ।

Leave a Reply

Your email address will not be published. Required fields are marked *