ਪਸ਼ੂ ਪਾਲਣ ਵਿਭਾਗ ਨੇ ਰਾਏਕੇ ਕਲਾਂ ਵਿਖੇ ਫਲੈਕਸ ਲਗਾਕੇ ਅਤੇ ਪੈਂਫਲੈਟ ਵੰਡ ਕੇ ਲੋਕਾ ਨੂੰ ਜੈਵਿਕ ਸੁਰੱਖਿਆ ਉਪਾਅ ਸਬੰਧੀ ਕੀਤਾ ਜਾਗਰੂਕ

ਬਠਿੰਡਾ, 25 ਜਨਵਰੀ : ਰਾਏਕੇ ਕਲਾਂ ਜ਼ਿਲ੍ਹਾ ਬਠਿੰਡਾ ਵਿਖੇ ਫੈਲੀ ਬਿਮਾਰੀ ਦੀ ਰੋਕਥਾਮ ਬਾਰੇ ਲੋਕਾ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਪਸ਼ੂ ਪਾਲਣ ਵਿਭਾਗ, ਪੰਜਾਬ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ ਯੂਨੀਵਰਸਿਟੀ ਦੇ Epidemiology ਵਿਭਾਗ ਤੇ ਐਨ.ਆਰ.ਡੀ.ਡੀ.ਐਲ, ਜਲੰਧਰ ਨਾਲ ਤਾਲਮੇਲ ਕਰਕੇ ਜੈਵਿਕ ਸੁਰੱਖਿਆ ਉਪਾਅ ਦਾ ਪ੍ਰੋਟੋਕੋਲ ਤਿਆਰ ਕੀਤਾ।

           ਡਾ. ਗੁਰਸ਼ਰਨਜੀਤ ਸਿੰਘ ਬੇਦੀ, ਡਾਇਰੈਕਟਰ, ਪਸ਼ੂ ਪਾਲਣ ਨੇ ਦੱਸਿਆ ਕਿ ਵਿਭਾਗ ਵੱਲੋ ਇਨ੍ਹਾਂ ਪ੍ਰੋਟੋਕੋਲਜ ਨੂੰ ਫਲੈਕਸ ਅਤੇ ਪੈਂਫਲੈਟ ਦੇ ਰੂਪ ਵਿੱਚ ਤਿਆਰ ਕਰਵਾਕੇ ਪਿੰਡ ਦੇ ਮਹੱਤਵਪੂਰਨ ਸਥਾਨਾ ਤੇ ਲਗਾਇਆ ਅਤੇ ਪੈਂਫਲੈਟਸ ਨੂੰ ਘਰ-ਘਰ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੈਵਿਕ ਸੁਰੱਖਿਆ ਉਪਾਅ ਦੇ ਇਸ ਪ੍ਰੋਟੋਕੋਲ ਅਨੁਸਾਰ ਡਾਕਟਰ ਦੀ ਮੰਨਜੂਰੀ ਤੋਂ ਬਿਨਾਂ ਪਸ਼ੂਆਂ ਦੀ ਆਵਾਜਾਈ ਤੋਂ ਪਰਹੇਜ਼ ਕਰਨਾ, ਲੋਕਾ ਅਤੇ ਵਾਹਨਾਂ ਦੀ ਆਵਾਜਾਈ ਸੀਮਤ ਕਰਨਾ, ਪਸ਼ੂਆ ਦੀ ਨਿਗਰਾਨੀ ਕਰਨਾ (ਜਿਵੇ ਕਿ ਮੂੰਹ ਅਤੇ ਪੈਰ ਵਿੱਚ ਛਾਲੇ, ਚਾਰਾ ਨਾ ਖਾਣਾ, ਦੁੱਧ ਦਾ ਉਤਪਾਦਨ ਘੱਟਣਾ, ਬਹੁਤ ਜ਼ਿਆਦਾ ਲਾਰ ਡਿਗਣੀ) ਅਤੇ ਇਸ ਤਰ੍ਹਾਂ ਦਾ ਕੋਈ ਵੀ ਸ਼ੱਕ ਹੋਣ ਤੇ ਤੁਰੰਤ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰਨਾ, ਬਿਮਾਰ/ਸ਼ੱਕੀ ਪਸ਼ੂਆਂ ਨੂੰ ਵੱਖਰੀ ਥਾਂ ਤੇ ਬੰਨਣਾ ਤਾਂ ਜੋ ਤੰਦਰੁਸਤ ਪਸ਼ੂ ਵਿੱਚ ਬਿਮਾਰੀ ਨੂੰ ਫੈਲਣ ਤੋ ਰੋਕਿਆ ਜਾ ਸਕੇ, ਰੋਗਾਣੂਨਾਸ਼ਕ ਦੀ ਵਰਤੋਂ ਨਾਲ ਘਰ/ਫਾਰਮ ਦੇ ਪ੍ਰਵੇਸ਼ ਦੁਆਰ ਤੇ ਸਹੀ ਢੰਗ ਨਾਲ ਸਫਾਈ ਰੱਖਣਾ, ਪ੍ਰਭਾਵਸ਼ਾਲੀ ਰੋਗਾਣੂਨਾਸ਼ਕ ਹਨ: ਸੋਡੀਅਮ ਹਾਈਪੋਕਲੋਰਾਈਟ (3٪), ਸੋਡੀਅਮ ਕਾਰਬੋਨੇਟ (ਕੱਪੜੇ ਧੋਣ ਵਾਲਾ ਸੋਢਾ) (4٪), ਸੋਡੀਅਮ ਹਾਈਡ੍ਰੋਕਸਾਈਡ (2٪), ਅਤੇ ਪੋਟਾਸ਼ੀਅਮ ਪੈਰੋਕਸੀ ਮੋਨੋਸਲਫੇਟ ਅਤੇ ਸੋਡੀਅਮ ਕਲੋਰਾਈਡ (1٪), ਜੁੱਤੀਆਂ ਨੂੰ ਰੋਗਾਣੂ ਮੁਕਤ ਕਰਨ ਲਈ ਘਰ/ਫਾਰਮ ਦੇ ਬਾਹਰ ਰੋਗਾਣੂਨਾਸ਼ਕ ਦੀ ਮੋਟੀ ਪਰਤ ਵਿਛਾਉਣਾ, ਸਫਾਈ ਦੇ ਉਚਿਤ ਉਪਾਵਾਂ ਤੋਂ ਬਿਨਾਂ ਦੂਜੇ ਘਰਾਂ/ਫਾਰਮਾਂ ਨਾਲ ਸਾਜ਼ੋ ਸਾਮਾਨ ਸਾਂਝਾ ਕਰਨ ਤੋਂ ਪਰਹੇਜ਼ ਕਰਨਾ, ਕੱਟੇ/ਵੱਛੇ ਨੂੰ ਬਿਮਾਰ ਪਸ਼ੂ ਦਾ ਦੁੱਧ ਚੰਗੀ ਤਰ੍ਹਾਂ ਉਬਾਲ ਕੇ ਪਿਆਉਣਾ, ਪ੍ਰਭਾਵਿਤ ਖੇਤਰਾਂ ਵਿੱਚ ਪਸ਼ੂਆਂ ਦੀ ਖਰੀਦ ਅਤੇ ਵਿਕਰੀ ਤੋਂ ਪਰਹੇਜ਼ ਕਰਨਾ, ਪਸ਼ੂਆਂ ਲਈ ਸਾਂਝੇ ਜਲ ਸਰੋਤਾਂ ਦੀ ਵਰਤੋਂ ਨਾ ਕਰਨਾ, ਸੰਕਰਮਿਤ ਪਸ਼ੂਆਂ ਦੇ ਗੋਹੇ/ਹੋਰ ਵੇਸਟ ਦਾ ਉਚਿਤ ਤਰੀਕੇ ਨਾਲ ਨਿਪਟਾਰਾ ਕਰਨਾ ਆਦਿ ਦੀ ਪਾਲਣਾ ਕੀਤੀ ਜਾਵੇ ਤਾਂ ਕਿ ਬਿਮਾਰੀ ਨੂੰ ਫੈਲਣ ਤੋ ਰੋਕਿਆ ਜਾ ਸਕੇ।

          ਉਨ੍ਹਾਂ ਵੱਲੋ ਲੇਕਾਂ ਨੂੰ ਇਹ ਅਪੀਲ ਵੀ ਹੈ ਕਿ ਇਕੱਠ ਕਰਨ ਤੋ ਪਰਹੇਜ ਕੀਤਾ ਜਾਵੇ ਤਾਂ ਜੋ ਸਾਡੇ ਕਪੜਿਆਂ ਨਾਲ ਇਸ ਬਿਮਾਰੀ ਦੇ ਕਣ ਇੱਕ ਥਾਂ ਤੋ ਦੂਜੀ ਥਾਂ ਤੇ ਨਾ ਜਾਣ। ਇਸ ਤੋ ਇਲਾਵਾ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਯਕੀਨ ਨਾ ਕੀਤਾ ਜਾਵੇ।

Leave a Reply

Your email address will not be published. Required fields are marked *