28 ਤੋਂ 30 ਤੱਕ ਭਲਾਈਆਣਾ ਵਿਖੇ ਹੋਵੇਗਾ ਧੀਆਂ ਨੂੰ ਸਮਰਪਿਤ ‘ਤੀਆਂ ਦਾ ਮੇਲਾ’

ਸ੍ਰੀ ਮੁਕਤਸਰ ਸਾਹਿਬ, 25 ਅਗਸਤ

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਧੀਆਂ ਦੇ ਸਨਮਾਨ ਵਿੱਚ ਮਿਤੀ 28 ਤੋਂ 30 ਅਗਸਤ 2024 ਤੱਕ ਜ਼ਿਲ੍ਹੇ ਦੇ ਪਿੰਡ ਭਲਾਈਆਣਾ ਵਿੱਚ ‘ਤੀਆਂ ਦਾ ਮੇਲਾ’ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਆਈ.ਏ.ਐਸ. ਨੇ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਦਾ ਉਦੇਸ਼ ਜਿੱਥੇ ਸਾਡੇ ਅਮੀਰ ਵਿਰਸੇ ਅਤੇ ਸਭਿਆਚਾਰ ਤੋਂ ਸਾਡੀ ਨਵੀਂ ਪੀੜ੍ਹੀ ਨੂੰ ਜਾਣੂੰ ਕਰਵਾਉਣਾ ਹੈ ਉਥੇ ਹੀ ਇਸ ਰਾਹੀਂ ਸਾਡੇ ਸਮਾਜ ਵਿੱਚ ਅੱਧੀ ਹਿੱਸੇਦਾਰੀ ਰੱਖਣ ਵਾਲੀਆਂ ਔਰਤਾਂ ਨੂੰ ਸਨਮਾਨ ਦੇਣਾ ਵੀ ਹੈ।

ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਮੇਲੇ ਵਿੱਚ ਜਿੱਥੇ ਤੀਆਂ ਦੇ ਰਵਾਇਤੀ ਵਿਰਾਸਤੀ ਰੰਗ ਵੇਖਣ ਨੂੰ ਮਿਲਣਗੇ ਉਥੇ ਹੀ ਇਸ ਵਿਚ ਔਰਤਾਂ ਵੱਲੋਂ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਨਿਭਾਈ ਜਾ ਰਹੀ ਭੁਮਿਕਾ ਅਤੇ ਸਫਲ ਔਰਤਾਂ ਦੇ ਜੀਵਨ ਤੇ ਚਰਚਾ ਵੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਨਾਮੀ ਗਾਇਕ ਜਿੰਨ੍ਹਾਂ ਵਿਚ ਗੁਰਲੇਜ ਅਖ਼ਤਰ, ਅਫ਼ਸਾਨਾ ਖਾਨ ਅਤੇ ਕੰਵਰ ਗਰੇਵਾਲ ਵੀ ਵਿਸੇਸ਼ ਤੌਰ ਤੇ ਇਸ ਮੇਲੇ ਵਿਚ ਆਪਣੀ ਪੇਸ਼ਕਾਰੀ ਦੇਣ ਲਈ ਪਹੁੰਚ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਵੱਖ ਵੱਖ ਪ੍ਰਕਾਰ ਦੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਹੋਣਗੇ ਅਤੇ ਵੱਖ ਵੱਖ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਪੰਜਾਬੀ ਸਭਿਆਚਾਰ ਦੀ ਪ੍ਰਦਰਸ਼ਨੀ, ਪੁਰਾਤਨ ਵਿਰਸੇ ਦੀ ਝਲਕ, ਪੇਟਿੰਗ ਮੁਕਾਬਲੇ, ਮਿੰਨੀ ਕਹਾਣੀ ਅਤੇ ਕਵਿਤਾ ਰਚਨਾ ਮੁਕਾਬਲੇ, ਪੀਂਘਾਂ, ਗੁੱਤ ਗੁੰਦਣ ਦੇ ਮੁਕਾਬਲੇ, ਵਿਚਾਰ ਗੋਸਠੀ, ਗਿੱਧਾ, ਭੰਗੜਾ, ਰਵਾਇਤੀ ਖੇਡਾਂ, ਰਵਾਇਤੀ ਖਾਣੇ, ਰਵਾਇਤੀ ਪੋਸ਼ਾਕਾਂ ਦੇ ਰੰਗ ਵੇਖਣ ਨੂੰ ਮਿਲਣਗੇ ਉਥੇ ਹੀ ਹਰ ਰੋਜ ਸੁਰਾਂ ਦੀ ਸ਼ਾਮ ਵਿਚ ਨਾਮੀ ਕਲਾਕਾਰ ਆਪਣੀ ਪੇਸ਼ਕਾਰੀ ਦਿਆ ਕਰਣਗੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਔਰਤਾਂ ਨੂੰ ਇਸ ਤੀਆਂ ਦੇ ਮੇਲੇ ਵਿਚ ਹੁੰਮ ਹੁੰਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *