ਦੌਲਤਪੁਰ ਢਾਕੀ ਵਿਖੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰੇਜ ਦੀ ਸਫਾਈ ਦੇ ਕਾਰਜ ਦਾ ਕੀਤਾ ਸ਼ੁਭਆਰੰਭ

ਚੰਡੀਗੜ੍ਹ/ਪਠਾਨਕੋਟ, ਅਗਸਤ 24 :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ਉੱਤੇ ਪਹੁੰਚਾਉਣ ਲਈ ਵੱਖੋ ਵੱਖ  ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਪਠਾਨਕੋਟ ਸਿਟੀ ਅੰਦਰ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰੇਜ ਦੀ ਸਫਾਈ ਦਾ ਕਾਰਜ ਆਰੰਭ ਕੀਤਾ ਗਿਆ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬੰਦ ਪਏ ਸੀਵਰੇਜ ਤੋਂ ਨਿਜਾਤ ਮਿਲੇਗੀ। ਇਹ ਪ੍ਰਗਟਾਵਾ ਅੱਜ ਸੂਬੇ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਿਟੀ ਪਠਾਨਕੋਟ ਦੇ ਦੌਲਤਪੁਰ ਢਾਕੀ ਵਿਖੇ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰੇਜ ਦੀ ਸਫਾਈ ਦਾ ਕਾਰਜ ਸ਼ੁਰੂ ਕਰਨ ਮਗਰੋਂ ਕੀਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਸ਼ਹਿਰ ਅੰਦਰ ਸਮੱਸਿਆਵਾਂ ਦੇ ਹੱਲ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਵੇਂ ਕਿ ਸ਼ਹਿਰਾਂ ਅੰਦਰ ਕਾਰਪੋਰੇਸ਼ਨਾਂ ਹਨ ਉੱਥੇ ਸੀਵਰੇਜ ਜਾਮ ਰਹਿੰਦੇ ਹਨ ਅਤੇ ਗੰਦਗੀ ਲੋਕਾਂ ਦੇ ਘਰ੍ਹਾਂ ਤੱਕ ਪਹੁੰਚ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਹੀ ਅੱਜ ਪਠਾਨਕੋਟ ਸ਼ਹਿਰ ਅੰਦਰ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰੇਜ ਪੂਰੀ ਤਰ੍ਹਾਂ ਨਾਲ ਸਾਫ ਕਰਨ ਲਈ ਕਾਰਜ ਦਾ ਅਰੰਭ ਕੀਤਾ ਗਿਆ ਹੈ। ਇਸ ਦੇ ਨਾਲ ਪਠਾਨਕੋਟ ਸ਼ਹਿਰ ਦੇ ਲੋਕਾਂ ਨੂੰ ਗੰਦਗੀ ਤੋਂ ਕਾਫੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ਸੁਪਰ ਸਕਸ਼ਨ ਮਸ਼ੀਨ ਨਾਲ ਇੱਕ ਜਾਂ ਦੋ ਵਾਰਡ ਹੀ ਨਹੀਂ ਸਗੋਂ ਪੂਰੇ ਸ਼ਹਿਰ ਅੰਦਰ ਇੱਕ ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਦੀ ਸਫਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੁਜਾਨਪੁਰ ਵਿਖੇ ਵੀ ਕਰੀਬ 34 ਕਰੋੜ ਰੁਪਏ ਖਰਚ ਕਰਕੇ ਸੀਵਰੇਜ ਟ੍ਰੀਟਮੈਂਟ ਅਤੇ ਮੇਨ ਸੀਵਰੇਜ ਲਾਈਨ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਰੋਟ ਜੈਮਲ ਸਿੰਘ ਵਿਖੇ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕਾਰਜ ਆਰੰਭ ਕੀਤਾ ਗਿਆ ਹੈ।
ਉਨ੍ਹਾਂ ਜਿਲ੍ਹਾਂ ਨਿਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕੁਦਰਤੀ ਜਲ ਸਰੋਤਾਂ ਅੰਦਰ ਗੰਦੇ ਪਾਣੀ ਨੂੰ ਮਿਲਾਉਣਾ ਵੀ ਇੱਕ ਜੁਰਮ ਹੈ ਇਸ ਲਈ ਜਿੱਥੇ ਵੀ ਕੁਦਰਤੀ ਜਲ ਸਰੋਤ ਅੰਦਰ ਗੰਦਾ ਪਾਣੀ ਜਾ ਰਿਹਾ ਹੈ ਤਾਂ ਇਸ ਤੋਂ ਗੁਰੇਜ਼ ਕੀਤਾ ਜਾਵੇ। ਇਸ ਮੌਕੇ ਉੱਤੇ ਉਨ੍ਹਾਂ ਵੱਲੋਂ ਸੀਵਰੇਜ ਟ੍ਰੀਟਮੇਂਟ ਪਲਾਂਟ ਦੌਲਤਪੁਰ ਦਾ ਦੌਰਾ ਵੀ ਕੀਤਾ ਗਿਆ।
ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਕੈਪਟਨ ਸੁਨੀਲ ਗੁਪਤਾ ਚੇਅਰਮੈਨ ਪੈਸਕੋ ਪੰਜਾਬ, ਵਿਕਾਸ ਸੈਣੀ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ, ਪੰਨਾ ਲਾਲ ਭਾਟੀਆ ਮੇਅਰ ਕਾਰਪੋਰੇਸ਼ਨ ਪਠਾਨਕੋਟ, ਕੌਂਸਲਰ ਵਿਕਰਮ ਸਿੰਘ ਵਿੱਕੂ, ਕੌਂਸਲਰ ਬਲਜੀਤ ਸਿੰਘ ਟਿੰਕੂ, ਚਰਨਜੀਤ ਸਿੰਘ ਹੈਪੀ ਕੌਂਸਲਰ ਹਾਜ਼ਿਰ ਸਨ।

Leave a Reply

Your email address will not be published. Required fields are marked *