ਮੱਛੀ ਪਾਲਣ ਵਿਭਾਗ ਵੱਲੋਂ 5 ਰੋਜ਼ਾ ਟ੍ਰੇਨਿੰਗ ਕੈਂਪ ਆਯੋਜਿਤ

ਲੁਧਿਆਣਾ, 23 ਅਗਸਤ (000) – ਜਿਲ੍ਹਾ ਲੁਧਿਆਣਾ ਵਿੱਚ ਮੱਛੀ ਪਾਲਣ ਦੇ ਕਿੱਤੇ ਨੂੰ ਅਪਣਾਉਣ ਅਤੇ ਸਵੈ-ਰੁਜਗਾਰ ਵਧਾਉਣ ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਸਾਕਸ਼ੀ ਸਾਹਨੀ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ ਦੇ ਹੁਕਮਾਂ ਅਨੁਸਾਰ, ਮੱਛੀ ਪਾਲਣ ਅਫ਼ਸਰ, ਮਮਤਾ ਸ਼ਰਮਾ ਵੱਲੋਂ 19 ਤੋਂ 23 ਅਗਸਤ, 2024 ਤੱਕ ਆਤਮਾ ਸਕੀਮ ਦੇ ਸਹਿਯੋਗ ਨਾਲ ਮੱਛੀ ਪਾਲਣ ਸਬੰਧੀ 5 ਰੋਜਾ ਟ੍ਰੇਨਿੰਗ ਕੈਂਪ ਜਿਲ੍ਹਾ ਰੁਜਗਾਰ ਦਫ਼ਤਰ, ਲੁਧਿਆਣਾ ਵਿਖੇ  ਲਗਾਇਆ ਗਿਆ।
ਮੱਛੀ ਪਾਲਣ ਅਫ਼ਸਰ, ਸ਼ਰਮਾ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਕੁੱਲ 54 ਸਿਖਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਮੱਛੀ ਪਾਲਣ ਦੇ ਕਿੱਤੇ ਸਬੰਧੀ (ਮੱਛੀ ਦੀ ਕਾਸ਼ਤ ਤੋਂ ਲੈ ਕੇ ਮੱਛੀ ਦੇ ਮੰਡੀਕਰਨ ਤੱਕ) ਸੰਪੂਰਨ ਜਾਣਕਾਰੀ ਦਿੱਤੀ ਗਈ।
ਸਿਖਿਆਰਥੀਆਂ ਨੂੰ ਮੱਛੀ ਪਾਲਣ ਦੇ ਕਿੱਤੇ ਵੱਲ ਹੋਰ ਉਤਸ਼ਾਹਿਤ ਕਰਨ ਲਈ ਸ਼੍ਰੀਮਤੀ ਕਰਨੈਲ ਕੌਰ ਪਤਨੀ ਸ਼੍ਰੀ ਰਬਿੰਦਰ ਸਿੰਘ, ਪਿੰਡ-ਰਜੂਰ, ਤਹਿ-ਕੂਮ ਕਲਾਂ ਦੇ ਮੱਛੀ ਪਾਲਣ ਤਲਾਅ (ਰਕਬਾ-ਕੁੱਲ 15 ਏਕੜ) ਦੀ ਵਿਜਿਟ ਵੀ ਕਰਵਾਈ ਗਈ, ਜਿੱਥੇ ਮੱਛੀ ਕਾਸ਼ਤਕਾਰ ਵੱਲੋਂ ਆਪਣੇ ਤਜੁਰਬੇ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏੇ।
ਟ੍ਰੇਨਿੰਗ ਦੇ ਅਖੀਰਲੇ ਦਿਨ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਲੁਧਿਆਣਾ ਜਤਿੰਦਰ ਸਿੰਘ ਗਰੇਵਾਲ, ਵੱਲੋਂ ਸਿਖਿਆਰਥੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਰਕਾਰੀ ਸਹੂਲਤਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਇਸ ਕਿੱਤੇ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਗਰੇਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਅਧੀਨ ਮੱਛੀ ਪਾਲਣ ਦੇ ਕਿੱਤੇ ਨੂੰ ਅਪਣਾਉਣ ਵਾਲੇ ਜਨਰਲ ਕੈਟਾਗਰੀ ਦੇ ਲਾਭਪਾਤਰੀ ਨੂੰ 40 ਫੀਸਦ ਅਤੇ ਐਸ.ਸੀ/ਐਸ.ਟੀ/ਔਰਤਾਂ ਨੂੰ 60 ਫੀਸਦ ਸਬਸਿਡੀ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਸਕੀਮ ਦਾ ਫਾਇਦਾ ਲੈਣ ਲਈ ਚਾਹਵਾਨ ਦਫ਼ਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ, ਲੁਧਿਆਣਾ, ਸਰਕਾਰੀ ਮੱਛੀ ਪੂੰਗ ਫਾਰਮ, ਮੋਹੀ ਵਿਖੇ ਸੰਪਰਕ ਕਰ ਸਕਦੇ ਹਨ।
ਅਖੀਰ ਵਿੱਚ, ਵਿਭਾਗ ਵੱਲੋਂ ਸਿਖਿਆਰਥੀਆਂ ਨੂੰ ਇਸ ਟ੍ਰੇਨਿੰਗ ਕੈਂਪ ਵਿੱਚ ਸ਼ਿਰਕਤ ਕਰਨ ਵੱਜੋਂ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

Leave a Reply

Your email address will not be published. Required fields are marked *