ਸਿਹਤ ਵਿਭਾਗ ਵਲੋਂ ਅੱਖਾਂ ਦਾਨ ਪੰਦਰਵਾੜਾ 25 ਅਗਸਤ ਤੋਂ

ਐਸ.ਏ.ਐਸ.ਨਗਰ, 23 ਅਗਸਤ:

ਜ਼ਿਲ੍ਹਾ ਸਿਹਤ ਵਿਭਾਗ ਵਲੋਂ ਅੱਖਾਂ ਦਾਨ ਪੰਦਰਵਾੜਾ 25 ਅਗਸਤ ਤੋਂ 8 ਸਤੰਬਰ ਤਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਨੇ ਦਸਿਆ ਕਿ ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਲੋਕਾਂ ਨੂੰ ਅੱਖਾਂ ਦੇ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦਸਿਆ ਕਿ ਪੰਦਰਵਾੜੇ ਦੌਰਾਨ ਲੋਕਾਂ ਨੂੰ ਪ੍ਰੇਰਿਤ ਕਰ ਕੇ ਅੱਖਾਂ ਦਾਨ ਕਰਨ ਸਬੰਧੀ ਸਹਿਮਤੀ ਫ਼ਾਰਮ ਭਰਵਾਏ ਜਾਣਗੇ। ਇਹ ਫ਼ਾਰਮ ਸਰਕਾਰੀ ਸਿਹਤ ਸੰਸਥਾਵਾਂ ਵਿਚ ਉਪਲਭਧ ਹਨ ਅਤੇ ਕੋਈ ਵੀ ਚਾਹਵਾਨ ਵਿਅਕਤੀ ਉਥੇ ਜਾ ਕੇ ਫ਼ਾਰਮ ਭਰ ਸਕਦਾ ਹੈ। ਅੱਖਾਂ ਦਾਨ ਕਰਨ ਲਈ www.nhm.punjab.gov.in/eye_donation ਉਤੇ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ।

ਸੀਨੀਅਰ ਸਿਹਤ ਅਧਿਕਾਰੀ ਨੇ ਕਿਹਾ ਕਿ ਭਾਰਤ ਵਿਚ ਲੱਖਾਂ ਲੋਕ ਨੇਤਰਹੀਣਤਾ ਦਾ ਸ਼ਿਕਾਰ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਲੋਕ ਦਾਨ ਕੀਤੀਆਂ ਅੱਖਾਂ ਰਾਹੀਂ ਵੇਖ ਸਕਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।

ਡਾ. ਰੇਨੂੰ ਸਿੰਘ ਨੇ ਅੱਗੇ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਅਤਿ ਅਹਿਮ ਅੰਗ ਹਨ, ਇਸ ਲਈ ਇਨ੍ਹਾਂ ਦੀ ਜਾਂਚ ਹਰ ਛੇ ਮਹੀਨੇ ਮਗਰੋਂ ਘੱਟੋ-ਘੱਟ ਇਕ ਵਾਰ ਜ਼ਰੂਰ ਕਰਾਉਣੀ ਚਾਹੀਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦੇ ਦਾਨ ਦੀ ਮੁਹਿੰਮ ਵਿਚ ਅੱਗੇ ਹੋ ਕੇ ਯੋਗਦਾਨ ਪਾਉਣ ਅਤੇ ਅਪਣੇ ਪਰਵਾਰ ਜੀਆਂ, ਰਿਸ਼ਤੇਦਾਰਾਂ, ਦੋਸਤਾਂ ਨੂੰ ਵੀ ਇਸ ਨੇਕ ਕੰਮ ਲਈ ਪ੍ਰੇਰਿਤ ਕਰਨ। ਵਧੇਰੇ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਪੁਤਲੀ ਬਦਲਣ ਦੇ ਮੁਫ਼ਤ ਆਪਰੇਸ਼ਨ ਕੀਤੇ ਜਾਂਦੇ ਹਨ।

Leave a Reply

Your email address will not be published. Required fields are marked *