ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਲਹਿਰਾਇਆ ਕੌਮੀ ਝੰਡਾ

ਸ੍ਰੀ ਮੁਕਤਸਰ ਸਾਹਿਬ, 15 ਅਗਸਤ:

ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ।
ਸੁਤੰਤਰਤਾ ਦਿਵਸ ਸਮਾਗਮ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀ ਸੂਦਨ ਨੇ ਸ੍ਰੀ ਮੁਕਤਸਰ ਸਾਹਿਬ ਦੇ ਚਾਲ੍ਹੀ ਮੁਕਤਿਆਂ ਸਮੇਤ ਦੇਸ਼ ਦੀ ਅਜਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਸੁਤੰਤਰਤਾ ਸੰਗਰਾਮ ਦੀ ਗਾਥਾ ਸਾਂਝੀ ਕੀਤੀ ਅਤੇ ਇਸ ਲੜਾਈ ਵਿੱਚ ਪੰਜਾਬੀਆਂ ਦੇ ਯੋਗਦਾਨ ਨੂੰ ਵੀ ਸਿਜਦਾ ਕੀਤਾ। ਉਨ੍ਹਾਂ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਕਰਨ ਵਾਲੇ ਕਿਸਾਨਾਂ ਦੀ ਮਿਹਨਤ ਦੀ ਨੂੰ ਵੀ ਨਮਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸੂਦਨ ਨੇ ਦੱਸਿਆ ਕਿ  ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਲੜਕੀਆਂ ਦੀ ਸ਼ਾਦੀ ਲਈ ਸਾਲ 2024-25 ਦੌਰਾਨ ਅਨੁਸੂਚਿਤ ਜਾਤੀਆਂ,ਪੱਛੜੀਆਂ ਸ੍ਰ਼ੇਣੀਆਂ/ਆਰਥਿਕ ਤੌਰ ਤੇ ਪੱਛੜੇ ਪਰਿਵਾਰਾਂ ਦੇ 1197 ਲਾਭਪਾਤਰੀਆਂ ਨੂੰ 6,10,47,000/- ਰੁਪਏ (51000/- ਪ੍ਰਤੀ ਲਾਭਪਾਤਰੀ) ਦੀ ਅਦਾਇਗੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੁੱਲ 122110 ਲਾਭਪਾਤਰੀ ਨੂੰ ਪੈਨਸ਼ਨ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਸ ਵਿੱਚ 84548 ਬੁਢਾਪਾ ਪੈਨਸ਼ਨ, 21273 ਵਿਧਵਾ ਪੈਨਸ਼ਨ, 7924 ਆਸ਼ਰਿਤ ਬੱਚੇ ਅਤੇ 8305 ਦਿਵਿਆਂਗ ਪੈਨਸ਼ਨ ਲਾਭਪਾਤਰੀਆਂ ਨੂੰ 1500/- ਪ੍ਰਤੀ ਮਹੀਨਾ ਦੇ ਹਿਸਾਬ ਨਾਲ 18,31,65,000/- ਰੁਪਏ  ਪੈਨਸ਼ਨ ਦੀ ਅਦਾਇਗੀ ਕੀਤੀ ਜਾ ਰਹੀ ਹੈ । ਮਹੀਨਾ ਮਾਰਚ 2024 ਤੋਂ ਜੁਲਾਈ 2024 ਤੱਕ ਕੁੱਲ 91,38,01,500/-ਰੁਪਏ ਦੀ ਪੈਨਸ਼ਨ ਦੀ ਅਦਾਇਗੀ ਸਬੰਧਿਤ ਲਾਭਪਾਤਰੀਆਂ ਨੂੰ ਕੀਤੀ ਜਾ ਚੁੱਕੀ ਹੈ ।

ਉਨ੍ਹਾਂ ਦੱਸਿਆ  ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵਧੀਆ ਅਤੇ ਘਰਾਂ ਦੇ ਨਜ਼ਦੀਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਜ਼ਿਲ੍ਹੇ ਵਿੱਚ 22 ਆਮ ਆਦਮੀ ਕਲੀਨਿਕ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਨੂੰ ਘਰਾਂ ਦੇ ਨੇੜੇ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ, ਇੰਨ੍ਹਾ ਆਮ ਆਦਮੀ ਕਲੀਨਿਕਾਂ ਵਿਚ ਹੁਣ ਤੱਕ 401408 ਮਰੀਜਾਂ ਨੇ ਚੈੱਕਅੱਪ ਕਰਵਾ ਕੇ ਮੁਫਤ ਦਵਾਈਆਂ ਪ੍ਰਾਪਤ ਕੀਤੀਆਂ ਹਨ ਅਤੇ ਹੁਣ ਤੱਕ 159175 ਮਰੀਜਾਂ ਦੇ ਲੈਬ ਟੈਸਟ ਵੀ ਮੁਫ਼ਤ ਕੀਤੇ ਗਏ ਹਨ।
ਨਸ਼ੇ `ਤੇ ਕੰਟਰੋਲ ਕਰਨ ਲਈ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਖੇ ਨਸ਼ਾ ਛੁਡਾਉ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਨਸ਼ਾ ਪੀੜ੍ਹਤ ਵਿਅਕਤੀਆਂ ਨੂੰ ਦਾਖਲ ਕਰਕੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਵਿਚ ਬਿਨਾਂ ਤਕਲੀਫ ਤੋਂ ਅਤੇ ਬਿਲਕੁਲ ਮੁਫਤ ਨਸ਼ਾ ਛੁਡਵਾਇਆ ਜਾ ਰਿਹਾ  ਹੈ ਅਤੇ ਨਸ਼ਾ ਛੱਡਣ ਤੋਂ ਬਾਅਦ ਕੋਈ ਵੀ ਵਿਅਕਤੀ ਪੁਨਰਵਾਸ ਕੇਂਦਰ ਥੇਹੜੀ ਵਿਖੇ ਦਾਖਲ ਹੋ ਸਕਦਾ ਹੈ, ਜਿੱਥੇ ਕੇ ਉਸਨੂੰ ਲੋੜੀਂਦੀ ਮੈਡੀਕਲ ਸਹਾਇਤਾ ਦੇ ਨਾਲ ਖਾਣਾ ਵੀ ਬਿਲਕੁਲ ਮੁਫ਼ਤ ਦਿੱਤਾ ਜਾਂਦਾ ਹੈ ਅਤੇ 2 ਤੋਂ 6 ਮਹੀਨੇ ਤੱਕ ਵਿਅਕਤੀ ਇੱਥੇ ਰਹਿ ਸਕਦਾ ਹੈ, ਜਿੱਥੇ ਕੇ ਮਾਹਿਰ ਕੌਂਸਲਰਾਂ ਵਲੋਂ ਉਨ੍ਹਾਂ ਦੀ ਰੋਜ਼ਾਨਾ ਕਾਊਂਸਲਿੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਦੁਬਾਰਾ ਨਸ਼ਾ ਨਾ ਕਰਨ। ਜਿਹੜੇ ਵਿਅਕਤੀ ਆਪਣੀਆਂ ਰੋਜ਼ਾਨਾ ਦੀਆਂ ਜਿੰਮੇਵਾਰੀਆਂ ਕਾਰਨ ਨਸ਼ਾ ਛੱਡਣ ਲਈ ਹਸਪਤਾਲਾਂ ਵਿਚ ਦਾਖਲ ਨਹੀ ਹੋ ਸਕਦੇ, ਉਨ੍ਹਾਂ ਲਈ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿਚ 19 ਓਟ ਸੈਂਟਰ ਖੋਲੇ ਗਏ ਹਨ ਜਿੱਥੇ ਨਸ਼ਾ ਪੀੜਤ ਵਿਅਕਤੀਆਂ ਨੂੰ ਬਿਨਾਂ ਦਾਖਲ ਕੀਤੇ ਨਸ਼ਾ ਛੱਡਣ ਲਈ ਮੁਫਤ ਦਵਾਈ ਦਿੱਤੀ ਜਾਂਦੀ ਹੈ। ਜ਼ਿਲ੍ਹੇ ਵਿਚ ਹੁਣ ਤੱਕ ਸਰਕਾਰੀ ਓਟ ਸੈਂਟਰਾਂ ਵਿਚ 9506 ਲੋਕ ਨਸ਼ਾ ਛੱਡ ਚੁੱਕੇ ਹਨ ਅਤੇ 3074 ਲੋਕ ਸਰਕਾਰੀ ਹਸਪਤਾਲਾਂ ਵਿਚ ਦਾਖਲ ਹੋ ਕੇ ਨਸ਼ਾ ਛੱਡ ਚੁੱਕੇ ਹਨ ਅਤੇ 752 ਲੋਕ ਪੁਨਰਵਾਸ ਕੇਂਦਰ ਥੇਹੜੀ ਵਿਖੇ ਨਸ਼ਾ ਮੁਕਤ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਮੀਨਦੋਜ਼ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸਾਲ 2024 ਦੌਰਾਨ ਜਿਲੇ ਦੇ 6081 ਕਿਸਾਨਾਂ ਵੱਲੋ 79592 ਏਕੜ ਰਕਬੇ ਤੇ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਅਤੇ ਇਸ ਰਕਬੇ ਤੇ ਵੀ ਪੰਜਾਬ ਸਰਕਾਰ ਵੱਲੋ 1500 ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਰਾਸ਼ੀ ਜਾਰੀ ਕੀਤੀ ਜਾਵੇਗੀ। ਇਸ ਸਾਲ ਸ੍ਰੀ ਮੁਕਤਸਰ ਸਾਹਿਬ ਝੋਨੇਂ/ਬਾਸਮਤੀ ਦੀ ਸਿੱਧੀ ਬਿਜਾਈ ਵਿੱਚ ਪੰਜਾਬ ਵਿੱਚੋ ਮੋਹਰੀ ਜ਼ਿਲ੍ਹਾ ਬਣ ਗਿਆ ਹੈ।
ਪਰਾਲੀ ਪ੍ਰਬੰਧਨ ਲਈ ਸੀ.ਆਰ.ਐਮ. ਸਕੀਮ ਅਧੀਨ ਮਸ਼ੀਨਾਂ ਤੇ ਸਬਸਿਡੀ ਦੇਣ ਲਈ 1925 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ 466 ਸੈਕਸ਼ਨ ਅਰਜੀਆਂ ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ, ਜੀਰੋ ਟਿੱਲ ਡਰਿੱਲ, ਬੇਲਰ, ਰੇਕ ਆਦਿ ਕੀਤੀਆਂ ਗਈਆਂ ਹਨ ਅਤੇ ਖੇਤੀ ਖੇਤੀਬਾੜੀ ਵਿਭਾਗ ਵਲੋਂ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਮੈਮ ਸਕੀਮ ਅਧੀਨ 463 ਸੈਕਸ਼ਨ ਅਰਜ਼ੀਆਂ ਪ੍ਰਾਪਤੀਆਂ ਹੋਈਆਂ ਹਨ ।

ਉਨ੍ਹਾਂ ਦੱਸਿਆ ਕਿ  ਮੱਛੀ ਪਾਲਣ ਵਿਭਾਗ ਵੱਲੋਂ ਲਗਾਤਾਰ ਨੀਲੀ ਕ੍ਰਾਂਤੀ ਵੱਲ ਵੱਧਦੇ ਹੋਏ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੇਮ ਪ੍ਰਭਾਵਿਤ ਅਤੇ ਖਾਰੇ ਪਾਣੀ ਦੀ ਮਾਰ ਅਧੀਨ ਕਰੀਬ 400 ਏਕੜ ਰਕਬਾ ਝੀਂਗਾ ਪਾਲਣ ਅਤੇ ਕਰੀਬ 2000 ਏਕੜ ਰਕਬਾ ਮੱਛੀ ਪਾਲਣ ਅਧੀਨ ਲਿਆਦਾ ਗਿਆ ਹੈ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਝੀਂਗਾ ਪਾਲਣ ਦੇ ਕਿੱਤੇ ਵਿੱਚ ਪੰਜਾਬ ਦਾ ਮੋਹਰੀ ਜਿਲ੍ਹਾ ਬਣਕੇ ਉਭਰਿਆ  ਹੈ।
ਖਾਰੇ ਪਾਣੀ ਦੇ ਵਿਚ ਝੀਂਗਾ ਪਾਲਣ ਦਾ ਕਿੱਤਾ ਸਫਲ ਬਨਾਉਣ ਲਈ ਜ਼ਿਲ੍ਹੇ ਦੇ ਪਿੰਡ ਈਨਾਖੇੜਾ ਵਿਖੇ ਡੈਮੋਸਟ੍ਰੇਸ਼ਨ ਫਾਰਮ ਕਮ ਟ੍ਰੇਨਿੰਗ ਸੈਂਟਰ ਸਥਾਪਤ ਹੈ ਜਿੱਥੇ ਮੱਛੀ /ਝੀਂਗਾ ਪਾਲਕਾਂ ਦੀ ਤਕਨੀਕੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਟ੍ਰੇਨਿੰਗਸੈਂਟਰ, ਮਿੱਟੀਪਾਣੀ ਪਰਖ ਪ੍ਰਯੋਗਸ਼ਾਲਾ ਅਤੇ ਲਾਇਬ੍ਰੇਰੀ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਝੀਂਗਾ/ਮੱਛੀ ਤਲਾਬਾਂ ਤੋਂ ਹੋਈ ਪੈਦਾਵਾਰ ਦੀ ਸਟੋਰੇਜ਼ ਲਈ ਪਿੰਡ ਜੰਡਵਾਲਾ ਚੜ੍ਹਤ ਸਿੰਘ ਤਹਿਸੀਲ ਮਲੋਟ ਵਿਖੇ 30 ਟਨ ਕਪੈਸਟੀ ਦਾ ਕੋਲਡ ਸਟੋਰ ਵੀ ਸਥਾਪਿਤ ਕੀਤਾ ਗਿਆ ਹੈ ਜਿਸਦੇ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਬਹੁਤ ਫਾਇਦਾ ਹੋਣ ਦੀ ਆਸ ਹੈ।
ਇਸ ਮੌਕੇ ਤੇ ਪੰਜਾਬ ਪੁਲਿਸ ਦੇ ਪਰੇਡ ਕਮਾਂਡਰ ਇਸ਼ਾਨ ਸਿੰਗਲਾ ਡੀ.ਐਸ.ਪੀ. ਦੀ ਅਗਵਾਈ ਵਿੱਚ  ਪੰਜਾਬ ਪੁਲਿਸ, ਪੰਜਾਬ ਪੁਲਿਸ (ਮਹਿਲਾ), ਪੰਜਾਬ ਹੋਮ ਗਾਰਡਜ, ਐਨ.ਸੀ.ਸੀ. ਅਤੇ ਸਕਾਊਂਟ  ਦੀਆਂ ਟੁਕੜੀਆਂ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਮਾਰਚ ਪਾਸਟ ਪੇਸ਼ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੇ ਬੈਂਡ ਵਲੋਂ ਰਾਸ਼ਟਰੀ ਧੁੰਨ ਬਜਾਈ ਗਈ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆ ਵਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਝੋਨੇ ਅਤੇ ਬਾਸਮਤੀ ਦੀ ਪਰਾਲੀ  ਨੂੰ ਅੱਗ ਨਾ ਲਾਉਣ ਵਾਲੇ 115 ਅਗਾਂਹਵਧੂ ਕਿਸਾਨਾਂ ਨੂੰ ਉਚੇਚੇ ਤੌਰ `ਤੇ ਸਨਮਾਨਿਤ ਵੀ ਕੀਤਾ ਅਤੇ ਇਨ੍ਹਾਂ ਨੂੰ ਛਾਂਦਾਰ ਅਤੇ ਫਲਦਾਰ ਪੌਦੇ ਵੀ ਵੰਡੇ ਗਏ ਅਤੇ ਜਿ਼ਲ੍ਹਾ ਵਾਸੀਆਂ ਨੂੰ  ਅਪੀਲ ਕੀਤੀ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ।
ਇਸ ਮੌਕੇ ਨਸ਼ੇ ਦੀ ਅਲਾਮਤ ਨੂੰ ਜੜ੍ਹੋਂ ਖਤਮ ਕਰਨ ਲਈ ਨਸ਼ਾ ਨਾ ਕਰਨ ਦਾ ਪ੍ਰਣ ਵੀ ਲਿਆ।
ਇਸ ਮੌਕੇ ਸ੍ਰੀ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸ੍ਰੀ ਰਾਜ ਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਤੁਸ਼ਾਰ ਗੁਪਤਾ ਐਸ.ਐਸ.ਪੀ., ਸ੍ਰੀ ਸੰਜੀਵ ਸ਼ਰਮਾ ਏ.ਡੀ.ਸੀ. (ਜ), ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਏ.ਡੀ.ਸੀ.(ਡੀ), ਸ੍ਰੀ ਕੰਵਲਪ੍ਰੀਤ ਸਿੰਘ ਐਸ.ਪੀ. ਹੈਡ ਕੁਆਰਟਰ, ਸ੍ਰੀ ਜਸ਼ਨ ਬਰਾੜ ਚੇਅਰਮੈਨ, ਸ੍ਰੀ ਜਸਪਾਲ ਮੋਂਗਾ ਜ਼ਿਲ੍ਹਾ ਸਿੱਖਿਆ ਅਫ਼ਸਰ,  ਸ੍ਰੀ ਮਨਜਿੰਦਰ ਸਿੰਘ ਕਾਕਾ ਉੜਾਂਗ ,ਸ੍ਰੀ ਰਾਜ ਕੁਮਾਰ ਮੋਂਗਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਐਲਾਨ ਕੀਤਾ ਕਿ 16 ਅਗਸਤ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਛੁੱਟੀ ਰਹੇਗੀ ਅਤੇ ਬਾਕੀ ਸਾਰੇ ਸਰਕਾਰੀ ਅਦਾਰੇ ਆਮ ਵਾਂਗ ਖੁੱਲ੍ਹਣਗੇ।

Leave a Reply

Your email address will not be published. Required fields are marked *