ਮਾਨਸੂਨ ਸੀਜਨ ਦੌਰਾਨ ਬੂਟੇ ਲਗਾਉਣ ਦੀ ਮੁਹਿਮ ਵਿੱਚੋਂ ਸੂਬੇ ਭਰ ਵਿੱਚ ਜਿਲਾ ਅੰਮ੍ਰਿਤਸਰ ਪਹਿਲੇ ਸਥਾਨ ਤੇ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 4 ਅਗਸਤ 2024:

                ਰਾਜ ਸਰਕਾਰ ਵਲੋਂ ਚਾਲੂ ਵਿੱਤੀ ਸਾਲ ਦੌਰਾਨ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਮਾਨਸੂਨ ਸੀਜਨ ਦੌਰਾਨ ਸੂਬੇ ਭਰ ਵਿੱਚ ਕਰੀਬ  3 ਕਰੋੜ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਸੀ ਅਤੇ,  ਅੰਮ੍ਰਿਤਸਰ ਜਿਲ੍ਹੇ  ਨੂੰ 17 ਲੱਖ ਬੂਟੇ ਲਗਾਉਣ ਦਾ ਟੀਚਾ ਦਿੱਤਾ ਗਿਆ ਸੀ।  ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਸ ਜਾਣਕਾਰੀ ਦੇਂਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 1398447 ਬੂਟੇ  ਵੱਖ-ਵੱਖ ਵਿਭਾਗਾਂ ਵਲੋਂ ਲਗਾਏ ਜਾ ਚੁੱਕੇ ਹਨ ਜੋ ਕਿ  82.26 ਪ੍ਰਤੀਸ਼ਤ ਹੈ ਅਤੇ ਇਸ ਸਮੇਂ ਅੰਮ੍ਰਿਤਸਰ ਜ਼ਿਲ੍ਹਾ ਸੂਬੇ ਭਰ ਵਿੱਚੋਂ ਪਹਿਲੇ ਨੰਬਰ ਤੇ ਹੈ। ਉਨਾਂ ਦੱਸਿਆ ਕਿ ਕਿ ਛੇਤੀ ਹੀ ਰਹਿੰਦੇ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ। ਉਨਾਂ ਜੰਗਲਾਤ ਵਿਭਾਗ ਨੂੰ ਆਪਣੀਆਂ ਨਰਸਰੀਆਂ ਤੋਂ ਇਹ ਸਪਲਾਈ ਨਿਰੰਤਰ ਜਾਰੀ ਰਹਿਣ ਦੀ ਹਦਾਇਤ ਕੀਤੀ।

           ਸ੍ਰੀ ਥੋਰੀ ਨੇ ਦੱਸਿਆ ਕਿ ਪੰਜਾਬ ਵਿੱਚ ਵਣਾਂ ਹੇਠ ਰਕਬਾ ਘੱਟ ਕੇ 5.92 ਫੀਸਦੀ ਰਹਿ ਗਿਆ ਹੈ ਅਤੇ ਵਾਤਾਵਰਣ ਨੂੰ ਸੁਧਾਰਨ ਲਈ ਰਾਜ ਦਾ ਰੁੱਖਾਂ ਅਤੇ ਵਣਾਂ ਹੇਠ ਰਕਬਾ 2030 ਤੱਕ 7.5 ਫੀਸਦੀ ਕਰਨ ਲਈ ਸਰਕਾਰ ਵਲੋਂ ਇਕ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਵਣ ਭੂਮੀ ਤੋਂ ਇਲਾਵਾ ਗੈਰ ਵਣ ਭੂਮੀ ਤੇ ਵੀ ਵੱਡੇ ਪੱਧਰ ਤੇ ਬੂਟੇ ਲਗਾਏ ਜਾ ਰਹੇ ਹਨ ਅਤੇ ਇਸ ਕੰਮ ਲਈ ਪੰਚਾਇਤੀ ਰਕਬਿਆਂ ਦੀ ਮੁੱਖ ਭੂਮਿਕਾ ਹੋਵੇਗੀ।

ਸ੍ਰੀ ਥੋਰੀ ਨੇ  ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਵੱਖ-ਵੱਖ ਥਾਵਾਂ ਵਿੱਚ ਪਲਾਂਟੇਸ਼ਨ ਕਰਵਾਉਣ ਲਈ 10 ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਸੀ, ਪਰ ਵਿਭਾਗਾਂ ਨੇ ਇਸ ਤੋਂ ਵੱਧ ਦੀ ਮੰਗ ਕੀਤੀ ਹੈ ਜੋ ਕਿ ਖੁਸ਼ੀ ਦੀ ਗੱਲ ਹੈ। ਇਨ੍ਹਾਂ ਬੂਟਿਆਂ ਨਾਲ ਵਾਤਾਵਰਨ ਸਾਫ਼-ਸੁਥਰਾ ਰਹੇਗਾ ਤੇ ਭਵਿੱਖ ਵਿੱਚ ਗਰਮੀ ਤੋਂ ਰਾਹਤ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਲਾਹੇਵੰਦ ਹੋਣਗੇ। ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਇਸ ਸਬੰਧੀ ਬੱਚਿਆਂ, ਫੌਜ, ਪੁਲਿਸ, ਬੀ.ਐਸ.ਐਫ. ਅਤੇ ਹੋਰ ਵਿਭਾਗਾਂ ਦਾ ਵੀ ਸਹਿਯੋਗ ਮਿਲਿਆ । ਉਨਾਂ ਕਿਹਾ ਕਿ ਸਮੂਹ ਵਿਭਾਗ ਆਪਣੀਆਂ ਖਾਲੀ ਪਈਆਂ ਥਾਵਾਂ ਤੇ  ਬੂਟੇ ਲਗਾਉਣ ਲਈ ਨਿਸ਼ਾਨਦੇਹੀ ਕਰਨ ਅਤੇ ਆਪਣੀ ਜ਼ਰੂਰਤ ਅਨੁਸਾਰ ਜੰਗਲਾਤ ਵਿਭਾਗ ਤੋਂ ਬੂਟੇ ਪ੍ਰਾਪਤ ਕਰਨ।

Leave a Reply

Your email address will not be published. Required fields are marked *