ਮਾਨਸਾ, 02 ਅਗਸਤ:
ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਮਾਨਸਾ ਦੇ ਰਾਮਨਗਰ ਭੱਠਲ, ਝੁਨੀਰ ਅਤੇ ਖਿਆਲੀ ਚਹਿਲਾਂਵਾਲੀ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਖੁਦ ਨਰਮੇ ਦੇ ਖੇਤਾਂ ਵਿਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਫਸਲ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਕਿਸਾਨਾਂ ਦੀਆਂ ਮੁਸਕਿਲਾਂ ਵੀ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨ ਵੀਰ ਗੁਲਾਬੀ ਸੁੰਡੀ ਦੇ ਹਮਲੇ ਤੋਂ ਆਪਣੀ ਫਸਲ ਨੂੰ ਬਚਾਉਣ ਲਈ ਲਗਾਤਾਰ ਨਰਮੇ ਦੇ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਕਿਤੇ ਵੀ ਥੋੜੀ ਵੀ ਬਿਮਾਰੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਕੀਟਨਾਸ਼ਕ ਦਾ ਛਿੜਕਾਅ ਕਰਨ। ਉਨ੍ਹਾਂ ਕਿਹਾ ਕਿ ਕੀਟਨਾਸ਼ਕ ਖਰੀਦਣ ਸਮੇਂ ਕਿਸਾਨ ਪੱਕਾ ਬਿੱਲ ਜ਼ਰੂਰ ਲੈਣ ਕਿਉਂਕਿ ਜਿੰਨ੍ਹਾਂ ਖੇਤਾਂ ਵਿੱਚ ਬਿਮਾਰੀ ਦਾ ਹਮਲਾ ਪਾਇਆ ਜਾਂਦਾ ਹੈ ਉਹ ਕੀਟਨਾਸ਼ਕ ਸਪਰੇਅ ਦਾ ਨਕਲੀ ਹੋਣ ਦਾ ਕਾਰਨ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਰਮੇ ਦਾ ਬੀਜ ਵੀ ਤਸਦੀਕ ਸ਼ੁਦਾ ਹੋਣਾ ਚਾਹੀਦਾ ਹੈ ਤੇ ਕਿਸਾਨ ਖੇਤੀਬਾੜੀ ਵਿਭਾਗ ਦੀਆਂ ਸਿਫਾਰਿਸ਼ਾਂ ਤੇ ਬੀਜ ਤੇ ਕੀਟਨਾਸ਼ਕ ਦਵਾਈਆਂ ਦੀ ਹੀ ਵਰਤੋਂ ਕਰਨ ਤਾਂ ਜੋ ਨਰਮੇ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਕਿਸਾਨਾਂ ਦੇ ਨਾਲ ਖੜ੍ਹਾ ਹੈ ਤੇ ਖੇਤੀਬਾੜੀ ਵਿਭਾਗ ਸਮੇਂ ਸਮੇਂ ’ਤੇ ਕਿਸਾਨਾਂ ਨੂੰ ਕੈਂਪਾਂ ਰਾਹੀਂ ਜਾਗਰੂਕ ਵੀ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਨਰਮੇ ਦੀ ਫਸਲ ਉੱਪਰ ਕੀਤੀ ਕੀਟਨਾਸ਼ਕ ਦਵਾਈ ਨਕਲੀ ਲੱਗਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਤੁਰੰਤ ਉਸਦੀ ਟੈਸਟਿੰਗ ਕਰਵਾਈ ਜਾ ਸਕੇ ਤੇ ਦਵਾਈ ਨਕਲੀ ਪਾਈ ਜਾਣ ਤੇ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਨਕਲੀ ਦਵਾਈ ਤੇ ਬੀਜ ਵੇਚਣ ਵਾਲਿਆਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹਨ ਤੇ ਕਿਸਾਨਾਂ ਦੀ ਆਰਥਿਕਤਾ ਇਨ੍ਹਾਂ ਦੀ ਫਸਲ ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਤੇ ਕਿਸਾਨਾਂ ਦੀ ਮਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਕਿਸਾਨਾਂ ਦੇ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਜਿੱਥੇ ਕਿਤੇ ਵੀ ਫਸਲਾਂ ਦੇ ਨੁਕਸਾਨੇ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦਾ ਹੱਲ ਤੁਰੰਤ ਅਤੇ ਜ਼ਮੀਨੀ ਪੱਧਰ ’ਤੇ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਵਿਚ ਨਰਮੇ ਦੀ ਫਸਲ ਕਾਫੀ ਵਧੀਆ ਹੋਈ ਹੈ ਪਰ ਫਿਰ ਵੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਕਿਸਾਨਾਂ ਦੀ ਫਸਲ ਖਰਾਬ ਹੋਣ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰਨੇ ਯਕੀਨੀ ਬਣਾਉਣ।
ਵਿਧਾਇਕ ਬੁਢਲਾਡਾ ਪਿ੍ਰੰਸੀਪਲ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਚਾਹੇ ਉਹ ਕਿਸਾਨ ਹੋਣ ਤੇ ਆਮ ਲੋਕ ਉਨ੍ਹਾਂ ਹੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਨਰਮੇ ਦੇ ਖੇਤਾਂ ਦਾ ਜਾਇਜ਼ਾ ਲੈਣ ਪਹੁੰਚੇ ਮਾਣਯੋਗ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਦੇ ਧੰਨਵਾਦੀ ਹਨ।
ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਹਮੇਸ਼ਾ ਹੀ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ਚੰਗੇਰੀ ਫਸਲ ਲਈ ਉਚਿਤ ਸਲਾਹ ਦਿੱਤੀ ਜਾਂਦੀ ਹੈ ਜਿਸ ਦੇ ਲਈ ਉਹ ਉਨ੍ਹਾਂ ਦਾ ਹਲਕੇ ਦੇ ਪਿੰਡਾਂ ਵਿਚ ਆਉਣ ’ਤੇ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਮਾਨਸਾ, ਡਾ. ਹਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਮੇਂ ਨਰਮੇ ਦੀ ਫਸਲ ਦੀ ਹਾਲਤ ਮਾਨਸਾ ਜਿਲ੍ਹੇ ਵਿੱਚ ਠੀਕ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਨਰਮੇ ਦੀ ਫਸਲ ਦੇ ਪੱਤੇ ਉਲ੍ਹੀ ਕਾਰਨ ਕਾਲੇ ਹੋ ਗਏ ਹਨ ਉੱਥੇ ਚਿੱਟੀ ਮੱਖੀ ਦੇ ਬੱਚ ਮੋਜੂਦ ਹਨ ਉੱਥੇ ਕਿਸਾਨਾਂ ਨੂੰ ਲੈਨੋ 10 ਈ.ਸੀ. (ਪਾਈਰੀਪਰੋਕਮੀਫਿਨ) 500 ਮਿਲੀਲੀਟਰ ਜਾਂ ਓਬਰੇਨ 22.9 ਐਸ.ਸੀ (ਸੈਪਰੋਮੈਸੀਫਿਨ) 200 ਮਿਲੀਲੀਟਰ ਦਾ ਛਿੜਕਾਅ ਕੀਤਾ ਜਾਵੇ। ਇਸ ਤੋਂ ਇਲਾਵਾ ਨਰਮੇ ਦੀ ਫਸਲ ਤੋਂ ਵੱਧ ਝਾੜ ਲੈਣ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ (13:0:45) ਦਾ ਫੁੱਲਾਂ ਦੇ ਸ਼ੁਰੂ ਹੋਣ ਤੋਂ ਲੈਕੇ ਇੱਕ ਹਫਤੇ ਦੇ ਵਕਫੇ ਤੇ 04 ਵਾਰ ਛਿੜਕਾਅ ਕਰਨਾ ਚਾਹੀਦਾ ਹੈ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਚਰਨਜੀਤ ਸਿੰਘ ਅੱਕਾਂਵਾਲੀ, ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਦਿਲਬਾਗ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਹਰਵਿੰਦਰ ਸਿੰਘ ਸਿੱਧੂ, ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਸੋਹਣਾ ਸਿੰਘ ਕਲੀਪੁਰ, ਗੁਰਦਰਸ਼ਨ ਸਿੰਘ ਪਟਵਾਰੀ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਕਿਸਾਨ ਤੇ ਪਿੰਡਾਂ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।