ਕੰਟੋਨਮੈਂਟ ਬੋਰਡ ਸਟੇਡੀਅਮ ਵਿਖੇ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ

ਫਿਰੋਜ਼ਪੁਰ 31 ਜੁਲਾਈ 2024. ( )

            ਹਰ ਸਾਲ ਦੀ ਤਰ੍ਹਾਂ 15 ਅਗਸਤ ਨੂੰ ਆਯੋਜਿਤ ਹੋਣ ਵਾਲਾ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਇਸ ਵਾਰ ਕੰਟੋਨਮੈਂਟ ਬੋਰਡ ਸਟੇਡੀਅਮ ਸਾਹਮਣੇ ਡੀ.ਸੀ. ਦਫ਼ਤਰ ਵਿਖੇ ਮਨਾਇਆ ਜਾਵੇਗਾ। ਇਸ ਸਮਾਗਮ ਨੂੰ ਰਵਾਇਤੀ ਸ਼ਾਨੋ-ਸ਼ੌਕਤ ‘ਤੇ ਉਤਸ਼ਾਹ ਨਾਲ ਮਨਾਉਣ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਲੋੜੀਂਦੇ ਪ੍ਰਬੰਧ ਕਰਨ ਦੇ ਉਦੇਸ਼ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿੱਧੀ ਕੁਮੁਦ ਬਾਮਬਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਅਤੇ ਐੱਸ.ਡੀ.ਐੱਮ. ਡਾ. ਚਾਰੂਮਿੱਤਾ ਸ਼ੇਖਰ, ਸਹਾਇਕ ਕਮਿਸ਼ਨਰ ਸ੍ਰੀ ਸੂਰਜ ਵੀ ਹਾਜ਼ਰ ਸਨ।

             ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ  ਸੁਤੰਤਰਤਾ ਦਿਵਸ ਸਮਾਗਮ ਮੌਕੇ ਦੇਸ਼ ਭਗਤੀ ਅਤੇ ਸਮਾਜਿਕ ਸੰਸਕ੍ਰਿਤਿਕ ਵਿਰਾਸਤ ਦਾ ਸੁਮੇਲ ਹੋਣਾ ਚਾਹੀਦਾ ਹੈ ਅਤੇ ਇਸ  ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੂਹ ਵਿਭਾਗਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਅਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੇ ਹਾਂ ਇਸ ਲਈ ਉਨ੍ਹਾਂ ਨੂੰ ਸਮਰਪਿਤ ਇਸ ਦਿਹਾੜੇ ਮੌਕੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੀ ਡਿਊਟੀ ਸੇਵਾ ਅਤੇ ਸਮਰਪਿਤ ਭਾਵਨਾ ਨਾਲ ਕਰਨਾ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਜਿਨ੍ਹਾਂ ਵਿਚੋਂ ਨਗਰ ਕੌਂਸਲ, ਸਿੱਖਿਆ ਵਿਭਾਗ, ਸਿਹਤ ਵਿਭਾਗ, ਪੀ.ਡਬਲਯੂ.ਡੀ. ਵਿਭਾਗ, ਪੁਲਿਸ ਵਿਭਾਗ, ਜੰਗਲਾਤ ਵਿਭਾਗ, ਬਾਗ਼ਬਾਨੀ ਵਿਭਾਗ, ਡੇਅਰੀ ਵਿਭਾਗ, ਖੇਡ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ, ਡੀਡੀਪੀਓ, ਯੁਵਕ ਸੇਵਾਵਾਂ ਵਿਭਾਗ ਅਤੇ ਖ਼ੁਰਾਕ ਸਪਲਾਈ ਵਿਭਾਗ, ਸੂਚਨਾ ਤੇ ਲੋਕ ਸੰਪਰਕ ਵਿਭਾਗ ਆਦਿ ਸ਼ਾਮਲ ਸਨ, ਦੇ ਅਧਿਕਾਰੀਆਂ ਨੂੰ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

            ਉਨ੍ਹਾਂ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਵੀ.ਆਈ.ਪੀ. ਸਟੇਜ਼ ਅਤੇ ਗਰਾਊਂਡ ਦੀ ਸਫਾਈ, ਵਾਹਨਾਂ ਦੀ ਪਾਰਕਿੰਗ, ਸਲਾਮੀ ਵਾਲੀ ਥਾਂ ‘ਤੇ ਸਲੂਟਿੰਗ ਬੇਸ ਤਿਆਰ ਕਰਨ ਅਤੇ ਕੌਮੀ ਝੰਡੇ ਦਾ ਪ੍ਰਬੰਧ ਕਰਨ, ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ ਵਿਖੇ ਪ੍ਰਬੰਧ ਕਰਨ, ਸੜਕਾਂ ਦੇ ਦੋਵੇਂ ਪਾਸੇ ਝੰਡੇ ਲਗਾਉਣ, ਚੌਂਕਾਂ ਦੀ ਸਜਾਵਟ ਕਰਨ, ਟਰਾਂਸਪੋਰਟ, ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ, ਡਾਕਟਰੀ ਸਹਾਇਤਾ, ਨਿਰਵਿਘਨ ਬਿਜਲੀ ਸਪਲਾਈ, ਫਾਇਰ ਬ੍ਰਿਗੇਡਾਂ ਆਦਿ ਦੇ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਰੇਕ ਵਿਭਾਗ ਨੂੰ ਇਸ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਨੂੰ ਸੁਰੱਖਿਅਤ ਅਤੇ ਵਧੀਆ ਤਰੀਕੇ ਨਾਲ ਆਯੋਜਿਤ ਕਰਨ ਦੇ ਲਈ ਕੰਮ ਸੌਂਪਿਆ ਗਿਆ ਹੈ ਅਤੇ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕੀਤੀ ਜਾਵੇ।

            ਇਸ ਮੌਕੇ ਡੀ.ਡੀ.ਪੀ.ਓ. ਜਸਵੰਤ ਸਿੰਘ ਬੜੈਚ,  ਡੀ.ਐਸ.ਪੀ. ਸੁਖਵਿੰਦਰ ਸਿੰਘ, ਡਿਪਟੀ ਡੀ.ਈ.ਓ. ਪ੍ਰਗਟ ਬਰਾੜ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਜਗਦੀਪ ਸੰਧੂ, ਡੀ.ਐਫ.ਐਸ.ਸੀ. ਰਾਜ ਰਿਸ਼ੀ ਮਹਿਰਾ, ਮੁੱਖ ਖੇਤੀਬਾੜੀ ਅਫ਼ਸਰ ਡਾ. ਜੰਗੀਰ ਸਿੰਘ, ਡਾ. ਗੁਰਮੇਜ ਗੁਰਾਇਆ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *