ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਰਾਣੀ ਮਾਜਰਾ ਕੈਂਪ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ

(ਐਸ.ਏ.ਐਸ. ਨਗਰ), 26 ਜੁਲਾਈ, 2024: ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਪ੍ਰਾਹੁਣਚਾਰੀ ਵਿਭਾਗਾਂ ਬਾਰੇ ਮੰਤਰੀ ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਲੋਕ ਭਲਾਈ ਅਤੇ ਸਿਹਤ ਅਤੇ ਸਿੱਖਿਆ ਖੇਤਰ ਦੀ ਮਜ਼ਬੂਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਹਮੇਸ਼ਾਂ ਪਹਿਲਾ ਅਤੇ ਪ੍ਰਮੁੱਖ ਏਜੰਡਾ ਰਹੇਗਾ। ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ‘ਆਪ ਦੀ ਸਰਕਾਰ ਆਪ ਦੇ ਦੁਆਰ’ ਦੇ ਤਹਿਤ ਰਾਣੀ ਮਾਜਰਾ ਵਿਖੇ ਲਾਏ ਗਏ ਸੁਵਿਧਾ ਕੈਂਪ ਚ ਲੋਕਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਸੁਣਦੇ ਹੋਏ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਇਹ ਪਹਿਲੀ ਵਾਰ ਹੈ ਕਿ ਸਰਕਾਰ ਵੱਲੋਂ ਲੋਕਾਂ ਦੇ ਰੁਟੀਨ ਦੇ ਕੰਮ ਕਰਨ ਲਈ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਚ ਆਉਣ ਦੀ ਬਜਾਏ ਉਨ੍ਹਾਂ ਦੇ ਪਿੰਡਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਜਿੱਥੇ ਸਾਰੇ ਮਹੱਤਵਪੂਰਨ ਅਧਿਕਾਰੀ ਜਿਵੇਂ ਕਿ ਐਸ.ਡੀ.ਐਮ., ਤਹਿਸੀਲਦਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ (ਡੀ.ਐਸ.ਐਸ.ਓ.), ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ (ਡੀ.ਐਫ.ਐਸ.ਸੀ.), ਸਟੇਸ਼ਨ ਹਾਊਸ ਅਫ਼ਸਰ (ਐਸ.ਐਚ.ਓ.), ਜ਼ਿਲ੍ਹਾ ਸਮਾਜਿਕ ਨਿਆਂਕਰਤਾ ਤੇ ਅਧਿਕਾਰਿਤਾ ਅਤੇ ਘੱਟ ਗਿਣਤੀ ਬਾਰੇ ਅਫ਼ਸਰ, ਕਾਨੂੰਗੋ, ਪਟਵਾਰੀ, ਐਸ.ਡੀ.ਓ., ਕਾਰਜਕਾਰੀ ਇੰਜੀਨੀਅਰ ਅਤੇ ਹੋਰ ਅਧਿਕਾਰੀ ਅਰਜ਼ੀਆਂ ਸਵੀਕਾਰ ਕਰਨ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਮੌਜੂਦ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਿੱਤੀ ਜਾ ਰਹੀ ਸਹੂਲਤ ਸਿਰਫ਼ ਇਨ੍ਹਾਂ ਕੈਂਪਾਂ ਤੱਕ ਹੀ ਸੀਮਤ ਨਹੀਂ ਹੈ, ਉਨ੍ਹਾਂ ਨੂੰ ਟੋਲ-ਫ੍ਰੀ ਨੰਬਰ 1076 ‘ਤੇ ਡਾਇਲ ਕਰਕੇ 43 ਸੂਚਿਤ ਸੇਵਾਵਾਂ ਘਰ-ਘਰ ਜਾ ਕੇ ਦੇਣ ਦੀ ਪਹਿਲਕਦਮੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੈਂਕੜੇ ਲੋਕ ਘਰ ਬੈਠ ਕੇ ਹੀ ਸੇਵਾ ਪ੍ਰਾਪਤ ਕਰਨ ਦੀ ਇਸ ਸਕੀਮ ਦਾ ਲਾਭ ਉਠਾ ਰਹੇ ਹਨ ਜੋ ਕਿ ਲੋਕਾਂ ਵਿੱਚ ਹਰਮਨ ਪਿਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਡਾਇਲ 1076 ਰਾਹੀਂ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਜ਼ਿਆਦਾਤਰ ਸੇਵਾਵਾਂ ਅਜਿਹੀਆਂ ਹਨ, ਜਿਨ੍ਹਾਂ ਲਈ ਉਨ੍ਹਾਂ ਨੂੰ ਸੇਵਾ ਕੇਂਦਰਾਂ ਜਾਂ ਸਰਕਾਰੀ ਦਫਤਰਾਂ ‘ਚ ਜਾਣਾ ਪੈਂਦਾ ਸੀ ਅਤੇ ਹੁਣ ਸਰਕਾਰੀ ਨੁਮਾਇੰਦੇ ਉਨ੍ਹਾਂ ਦੇ ਘਰ ਜਾ ਕੇ ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਨਮ/ਮੌਤ ਸਰਟੀਫਿਕੇਟ, ਫਰਦ, ਲੇਬਰ ਰਜਿਸਟ੍ਰੇਸ਼ਨ, ਪੈਨਸ਼ਨ, ਪੇਂਡੂ ਖੇਤਰ ਸਰਟੀਫਿਕੇਟ ਵਰਗੀਆਂ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਐਸ.ਡੀ.ਐਮ (ਵਾਧੂ ਚਾਰਜ) ਹਿਮਾਂਸ਼ੂ ਗੁਪਤਾ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਅੱਜ ਦੇ ਇਸ ਕੈਂਪ ਵਿੱਚ ਰਾਣੀ ਮਾਜਰਾ ਤੋਂ ਇਲਾਵਾ ਨੇੜਲੇ ਪਿੰਡਾਂ ਬਹਾਲਪੁਰ, ਸ਼ਿਆਮੀਪੁਰ, ਪਲਹੇੜੀ, ਭਗਤ ਮਾਜਰਾ ਅਤੇ ਘੰਡੌਲੀ ਦੇ ਵਸਨੀਕਾਂ ਨੂੰ ਵੀ ਸੇਵਾਵਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿਕੈਂਪ ਦੌਰਾਨ ਲੋਕਾਂ ਨੂੰ ਆਧਾਰ ਕਾਰਡ ਦੀ ਸੇਵਾ ਵੀ ਮੁਹੱਈਆ ਕਰਵਾਈ ਗਈ ਹੈ।

Leave a Reply

Your email address will not be published. Required fields are marked *