ਫਾਜ਼ਿਲਕਾ, 23 ਜੁਲਾਈ
ਪੰਜਾਬ ਸਰਕਾਰ ਸਿਹਤ ਸੰਸਥਾਵਾਂ ਵਿਖੇ ਸਿਹਤ ਸੇਵਾਵਾਂ ਦਾ ਲਗਾਤਾਰ ਵਿਸਥਾਰ ਕਰਨ ਦੇ ਮੰਤਵ ਤਹਿਤ ਉਪਰਾਲੇ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਿਵਲ ਹਸਪਤਾਲ ਵਿਖੇ 55 ਲੱਖ ਦੀ ਲਾਗਤ ਨਾਲ ਸਥਾਪਿਤ ਕੀਤੇ ਜਾਣ ਵਾਲੇ ਡਾਇਲਸਿਸ ਯੂਨਿਟ ਦਾ ਨਿਰੀਖਣ ਕਰਨ ਮੌਕੇ ਕੀਤਾ।
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਡਾਇਲਸਿਸ ਯੁਨਿਟ ਵਿਖੇ 3 ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਸ਼ੀਨਾਂ ਦੇ ਸ਼ੁਰੂ ਹੋਣ ਨਾਲ ਕਿਡਨੀ ਨਾਲ ਪੀੜ੍ਹਤ ਮਰੀਜਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਲਗਾਤਾਰ ਸਿਹਤ ਸੇਵਾਵਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਯੂਨਿਟ ਦੀ ਸਥਾਪਨਾ ਨਾਲ ਜਿਥੇ ਮਰੀਜਾਂ ਨੂੰ ਦੂਰ ਦਰਾਡੇ ਜਾਣ ਦੀ ਜਰੂਰਤ ਨਹੀ ਹੋਵੇਗੀ ਉਥੇ ਡਾਇਲਸਿਸ ਦੀ ਸੁਵਿਧਾ ਮੁਫਤ ਉਪਲਬਧ ਰਹੇਗੀ।
ਉਨ੍ਹਾਂ ਸਿਵਲ ਹਸਪਤਾਲ ਦਾ ਦੌਰਾ ਕਰਦਿਆਂ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਮਰੀਜਾਂ ਨੁੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਕੋਈ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਫਾਜ਼ਿਲਕਾ ਵਿਖੇ ਲੋੜੀਂਦੇ ਡਾਕਟਰਾਂ ਦੀ ਤਾਇਨਾਤੀ ਵੀ ਕੀਤੀ ਜਾ ਰਹੀ ਹੈ, ਨਾਲੋ—ਨਾਲ ਸਿਹਤ ਉਪਕਰਨਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਮਰੀਜਾਂ ਨੂੰ ਸਿਹਤ ਸੇਵਾਵਾਂ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਡਾਇਲਸਿਸ ਦੀ ਮੁਫਤ ਸੁਵਿਧਾ ਮਿਲਣ ਨਾਲ ਮਰੀਜਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਨੂੰ ਦੂਰ ਜਾਣ ਦੀ ਖਜਲ—ਖੁਆਰੀ ਬਚੇਗੀ ਤੇ ਆਰਥਿਕ ਬੋਝ ਵੀ ਨਹੀਂ ਪਵੇਗਾ।
ਇਸ ਮੌਕੇ ਐਸ.ਐਮ.ਓ ਡਾ. ਰੋਹਿਤ ਗੋਇਲ, ਡਾ. ਐਰਿਕ, ਡਾ. ਅਰਪਿਤ ਗੁਪਤਾ, ਚੇਅਰਮੈਨ ਮਾਰਕੀਟ ਕਮੇਟੀ ਪਰਮਜੀਤ ਸਿੰਘ ਨੂਰਸ਼ਾਹ, ਡੀ.ਪੀ.ਐਮ. ਰਾਜੇਸ਼ ਕੁਮਾਰ ਤੋਂ ਇਲਾਵਾ ਸਿਹਤ ਸਟਾਫ ਤੇ ਹੋਰ ਅਧਿਕਾਰੀ ਮੌਜੂਦ ਸਨ।