ਮੁੱਖ ਖੇਤੀਬਾੜੀ ਅਫ਼ਸਰ ਨੇ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਲਿਆ ਜਾਇਜ਼ਾ

ਫਰੀਦਕੋਟ 21 ਜੁਲਾਈ 2024
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਸਰਵੇਖਣ ਟੀਮਾਂ ਵੱਲੋ ਗੁਲਾਬੀ ਸੁੰਡੀ  ਅਤੇ ਚਿੱਟੀ ਮੱਖੀ ਦੇ ਕੀਤੇ ਜਾ ਰਹੇ ਸਰਵੇਖਣ ਦੌਰਾਨ ਨਰਮੇ ਦੀ ਫਸਲ ਉੱਪਰ  ਚਿੱਟੀ ਮੱਖੀ ਦਾ ਹਮਲਾ ਦੇਖਿਆ ਗਿਆ ਹੈ ਜਿਸ ਦੀ ਰੋਕਥਾਮ ਲਈ ਸਮੇਂ ਸਿਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਦੀ ਜ਼ਰੂਰਤ ਹੈ । ਪਿੰਡ ਬਾਜਾਖਾਨਾ ਵਿਚ ਨਰਮੇ ਦੀ ਫਸਲ ਦਾ ਜਾਇਜ਼ਾ ਲੈਂਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਵਿੱਚ ਨਰਮੇ ਦੀ ਫਸਲ ਉੱਪਰ ਕੀੜਿਆਂ ਦੇ ਸਰਵੇ ਅਤੇ ਸਰਵੇਖਣ ਲਈ 12 ਟੀਮਾਂ ਸਰਕਲ ਪੱਧਰ ,ਦੋ ਬਲਾਕ ਪੱਧਰ ਅਤੇ ਇੱਕ ਜ਼ਿਲਾ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਸਵੇਰੇ 8.00 ਵਜੇ ਤੋਂ 10 ਵਜੇ ਤਕ ਸਰਵੇ ਅਤੇ ਸਰਵੇਖਣ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਦੇ ਹਮਲੇ ਦੀ ਨਿਗਰਾਨੀ ਲਈ 500 ਸੈਕਸ ਫਿਰੋਮੋਨ ਟ੍ਰੈਪ ਲਗਾਏ ਗਏ ਹਨ ਜਿਨ੍ਹਾਂ ਵਿਚ ਗੁਲਾਬੀ ਸੁੰਡੀ ਦੇ ਪਤੰਗੇ  ਰਹੇ ਹਨ ਪਰ ਕਿਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਨਹੀਂ ਆਇਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੀੜਿਆਂ ਦੇ ਹਮਲੇ ਸਬੰਧੀ ਕੀਤੇ ਜਾ ਰਹੇ ਸਰਵੇ ਅਤੇ ਸਰਵੇਖਣ ਦੌਰਾਨ ਖੇਤੀ ਅਧਿਕਾਰੀਆਂ ਨਾਲ ਪੂਰਨ ਸਹਿਯੋਗ ਕੀਤਾ ਜਾਵੇ ਤਾਂ ਜੋ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਬਰਸਾਤ ਨਾ  ਹੋਣ ਕਾਰਣ ਪੈ ਰਹੀ ਹੁਮਸ ਭਰੀ ਗਰਮੀ ਅਤੇ ਖੁਸ਼ਕ ਮੌਸਮ ,ਚਿੱਟੀ ਮੱਖੀ ਦੇ ਵਾਧੇ ਲਈ ਅਨਕੂਲ ਬਣਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਨਰਮੇ ਦੀ ਫ਼ਸਲ ਦਾ ਬਹੁਤ ਨੁਕਸਾਨ ਕਰ ਦਿੰਦੀ ਹੈ ਜਿਸ ਕਾਰਣ ਇਸ ਕੀੜੇ ਦੀ ਸਮੇਂ ਸਿਰ ਰੋਕਥਾਮ ਕਰਨੀ ਜ਼ਰੂਰੀ ਹੈ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਦਾ ਹਰ ਹਫ਼ਤੇ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਲੋੜ ਮੁਤਾਬਿਕ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਰੋਕਥਾਮ ਕਰਨ ।
  ਉਨ੍ਹਾਂ ਦੱਸਿਆ ਕਿ ਨਰਮੇ ਦੀ ਫ਼ਸਲ ਵਿੱਚ ਚਿੱਟੀ ਮੱਖੀ ਦੇ ਲਗਾਤਾਰ ਸਰਵੇਖਣ ਦੌਰਾਨ ਇਸ ਕੀੜੇ ਦਾ ਹਮਲਾ ਕੁੱਝ ਖੇਤਾਂ ਵਿੱਚ ਆਰਥਿਕ ਕਗਾਰ (ਔਸਤਨ 6 ਚਿੱਟੀ ਮੱਖੀ ਪ੍ਰਤੀ ਪੱਤਾ) ਤੋਂ ਉੱਪਰ ਪਾਇਆ ਗਿਆ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ  ਕੀਤੀ ਕਿ ਨਰਮੇ ਦੀ ਫਸਲ ਨੂੰ ਸੋਕਾ ਨਾ ਲੱਗਣ ਦਿਓ, ਕਿਉਕਿ ਸੋਕੇ ਵਾਲੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਵਧੇਰੇ ਹੁੰਦਾ ਹੈ । ਉਨ੍ਹਾਂ ਦੱਸਿਆ ਕਿ ਜੇਕਰ ਜ਼ਰੂਰਤ ਪਵੇ ਤਾਂ ਨਰਮੇ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰੋ ਜਦੋਂ ਬੂਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ ।
 ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 200 ਮਿਲੀਲਿਟਰ ਪਾਇਰੀਫਲੂਕੀਨਾਜ਼ੋਨ 20 ਡਬਲਯੂ ਜੀ ਜਾਂ 400 ਮਿਲੀਲਿਟਰ ਅਫਿਡੋਪਾਇਰੋਪਿਨ 50 ਡੀ ਸੀ ਜਾਂ 60 ਗ੍ਰਾਮ ਡਾਇਨੋਟੈਫ਼ੂਰਾਨ 20 ਐੱਸ ਸੀ ) ਜਾਂ 200 ਗ੍ਰਾਮ ਡਾਇਆਫੈਨਥੀਯੂਰੋਨ 50 ਡਬਲਿਊ ਪੀ  ਛਿੜਕਾਅ ਕਰੋ । ਉਨ੍ਹਾਂ ਕਿਹਾ ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਟਰ ਪਾਈਰੀਪਰੋਕਸੀਫਿਨ 10 ਈ ਸੀ ਜਾਂ 200 ਮਿਲੀਲਿਟਰ ਸਪੈਰੋਮੈਸੀਫਿਨ 22.9 ਐੱਸ ਸੀ  ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ।
ਇਸ ਮੌਕੇ  ਡਾ.ਗੁਰਮਿੰਦਰ ਸਿੰਘ ,ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਸ੍ਰੀਮਤੀ ਲਵਲੀਨ ਕੌਰ ਖੇਤੀ ਉੱਪ ਨਿਰੀਖਕ ਹਾਜ਼ਰ ਸਨ।

Leave a Reply

Your email address will not be published. Required fields are marked *