ਫਾਜ਼ਿਲਕਾ ਪੁਲਿਸ ਵੱਲੋਂ ਕਰਵਾਈ ਐਥਲੈਟਿਕ ਮੀਟ ਵਿਚ ਨੌਜਵਾਨਾਂ ਨੇ ਜੋਸ਼, ਜਜਬੇ ਅਤੇ ਜਨੂੰਨ ਨਾਲ ਲਿਆ ਭਾਗ

ਫਾਜ਼ਿਲਕਾ 18 ਜੁਲਾਈ

ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਨਸ਼ਿਆਂ ਖਿਲਾਫ ਆਰੰਭੇ ਅਭਿਆਨ ਦੀ ਲੜੀ ਤਹਿਤ ਪੁਲਿਸ ਵੱਲੋਂ ਜਿੱਥੇ ਨਸ਼ਾ ਤਸਕਰਾਂ ਨੂੰ ਦਬੋਚਿਆ ਜਾ ਰਿਹਾ ਹੈ ਉੱਥੇ ਹੀ ਲੋਕਾਂ ਨਾਲ ਸਾਂਝ ਨੂੰ ਮਜਬੂਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਮਿਸ਼ਨ ਨਿਸ਼ਚੇ ਦੇ ਤਹਿਤ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜ਼ਿਲਕਾ ਵਿਖੇ ਐਥਲੀਟ ਮੀਟ ਕਰਵਾਈ ਗਈ।

 ਇਸ ਦਾ ਉਦਘਾਟਨ ਡੀਆਈਜੀ ਸ੍ਰੀ ਅਜੇ ਮਲੂਜਾ ਆਈਪੀਐਸ ਨੇ ਕੀਤਾ। ਐਸਐਸਪੀ ਡਾ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਏ ਇਸ ਖੇਡ ਮੇਲੇ ਵਿੱਚ ਫਾਜ਼ਿਲਕਾ ਦੇ ਨੌਜਵਾਨਾਂ ਨੇ ਵੱਡੇ ਉਤਸ਼ਾਹ, ਜੋਸ਼, ਜਜ਼ਬੇ ਅਤੇ ਜਨੂੰਨ ਨਾਲ ਭਾਗ ਲਿਆ।

 ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਅਜੇ ਮਲੂਜਾ ਨੇ ਆਖਿਆ ਕਿ ਪੰਜਾਬ ਪੁਲਿਸ ਸਾਡੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ। ਉਹਨਾਂ ਆਖਿਆ ਕਿ ਜਦ ਨੌਜਵਾਨ ਉਸਾਰੂ ਗਤੀਵਿਧੀਆਂ ਵਿੱਚ ਰੁਚੀ ਲੈਣਗੇ ਤਾਂ ਉਹ ਮਾੜੀਆਂ ਆਦਤਾਂ ਵਾਲੇ ਪਾਸੇ ਨਹੀਂ ਜਾਣਗੇ। ਉਨਾਂ ਨੇ ਆਖਿਆ ਕਿ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਆਯੋਜਨ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਪਿੰਡ ਸੁਰੱਖਿਆ ਕਮੇਟੀਆਂ ਰਾਹੀਂ ਅਸੀਂ ਪਿੰਡਾਂ ਦੇ ਲੋਕਾਂ ਵਿਚ ਪੁਲਿਸ ਪ੍ਰਤੀ ਵਿਸਵਾਸ਼ ਵਧਾ ਰਹੇ ਹਾਂ ਅਤੇ ਇਸ ਵਿਚ ਸਾਨੂੰ ਸਫਲਤਾ ਵੀ ਮਿਲ ਰਹੀ ਹੈ।

 ਐਸਐਸਪੀ ਡਾ ਪ੍ਰਗਿਆ ਜੈਨ ਨੇ ਇਸ ਮੌਕੇ ਦੱਸਿਆ ਕਿ ਮਿਸ਼ਨ ਨਿਸ਼ਚੇ ਫਾਜ਼ਿਲਕਾ ਜ਼ਿਲੇ ਵਿੱਚ 26 ਜੂਨ ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਤਹਿਤ ਇੱਕ ਪਾਸੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਰਾਰੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਲੋਕਾਂ ਨਾਲ ਪੁਲਿਸ ਦੀ ਨੇੜਤਾ ਵਧਾਉਣ ਲਈ ਪਿੰਡ ਪਿੰਡ ਜਾ ਕੇ ਪੁਲਿਸ ਦੇ ਸੀਨੀਅਰ ਅਧਿਕਾਰੀ ਬੈਠਕਾਂ ਕਰ ਰਹੇ ਹਨ ਅਤੇ ਨਾਲ ਦੀ ਨਾਲ ਖੇਡ ਆਯੋਜਨਾ ਰਾਹੀਂ ਨੌਜਵਾਨਾਂ ਅਤੇ ਬੱਚਿਆਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਪਿੰਡ ਸੁਰੱਖਿਆ ਕਮੇਟੀਆਂ ਨਾਲ 376 ਮੀਟਿੰਗਾਂ ਪੁਲਿਸ ਵੱਲੋਂ ਕੀਤੀਆਂ ਗਈਆਂ ਹਨ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਆਖਿਆ ਕਿ ਸਾਂਝੇ ਉਪਰਾਲਿਆਂ ਨਾਲ ਅਸੀਂ ਸਮਾਜ ਵਿੱਚੋਂ ਨਸ਼ੇ ਦਾ ਖਾਤਮਾ ਕਰ ਸਕਦੇ ਹਾਂ ਉਹਨਾਂ ਨੇ ਪੁਲਿਸ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨੌਜਵਾਨਾਂ ਵਿੱਚ ਨਵੀਂ ਚੇਤਨਤਾ ਆਵੇਗੀ ਅਤੇ ਉਹਨਾਂ ਵਿੱਚ ਖੇਡਾਂ ਤੋਂ ਅਨੁਸ਼ਾਸਨਾਤਮਕ ਜੀਵਨ ਜਿਉਣ ਦੀ ਕਲਾ ਵਿਕਸਿਤ ਹੋਵੇਗੀ। ਉਹਨਾਂ ਨੇ ਆਖਿਆ ਕਿ ਜਿਲਾ ਪ੍ਰਸ਼ਾਸਨ ਵੀ ਨਸ਼ੇ ਦੀ ਰੋਕਥਾਮ ਲਈ ਉਪਰਾਲੇ ਕਰ ਰਿਹਾ ਹੈ ਅਤੇ ਸਕੂਲਾਂ ਵਿੱਚ ਬਡੀ ਪ੍ਰੋਗਰਾਮ ਰਾਹੀਂ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਸ ਮੌਕੇ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਤੋਂ ਪੀੜਿਤ ਹੋਵੇ ਤਾਂ ਉਹ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਤੋਂ ਮੁਫਤ ਇਲਾਜ ਕਰਵਾ ਸਕਦਾ ਹੈ।

Leave a Reply

Your email address will not be published. Required fields are marked *