ਕੇਂਦਰ ਦੀ ਜਲ ਸ਼ਕਤੀ ਅਭਿਆਨ ਮਿਸ਼ਨ ਟੀਮ ਵੱਲੋਂ ਜ਼ਿਲ੍ਹਾ ਮੋਗਾ ਦਾ ਦੌਰਾ

ਮੋਗਾ, 16 ਜੁਲਾਈ (000) – ਕੇਂਦਰ ਸਰਕਾਰ ਵੱਲੋਂ ਚਲਾਏ ਜਲ ਸ਼ਕਤੀ ਅਭਿਆਨ ਮਿਸ਼ਨ ਦਾ ਰੀਵਿਊ ਕਰਨ ਲਈ ਜਲ ਸ਼ਕਤੀ ਟੀਮ ਵੱਲੋਂ ਮੋਗਾ ਜ਼ਿਲ੍ਹਾ ਦਾ ਦੌਰਾ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਟੀਮ ਵੱਲੋਂ ਜਿਥੇ ਸਮੂਹ ਵਿਭਾਗਾਂ ਨਾਲ ਮੀਟਿੰਗ ਕਰ ਕੇ ਇਸ ਅਭਿਆਨ ਦਾ ਜਾਇਜ਼ਾ ਲਿਆ ਗਿਆ ਉਥੇ ਹੀ ਵੱਖ ਵੱਖ ਪ੍ਰੋਜੈਕਟਾਂ ਦਾ ਦੌਰਾ ਵੀ ਕੀਤਾ ਗਿਆ । ਇਸ ਟੀਮ ਵਿੱਚ ਚੀਫ਼ ਨੋਡਲ ਅਫ਼ਸਰ ਕਾਜਲ ਸਿੰਘ ਆਈ ਆਰ ਐਸ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਵਿਭਾਗ ਅਤੇ ਸੈਂਟਰਲ ਗਰਾਊਂਡ ਵਾਟਰ ਬੋਰਡ ਆਫ ਜਲ ਸ਼ਕਤੀ ਦੇ ਟੈਕਨੀਕਲ ਅਫ਼ਸਰ ਅਦਿੱਤਿਆ ਸ਼ਰਮਾ (ਸਾਇੰਸਦਾਨ) ਸ਼ਾਮਿਲ ਹਨ। ਇਸ ਮੌਕੇ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰ ਹਰਜਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
ਇਸ ਟੀਮ ਵੱਲੋਂ ਅੱਜ ਪਿੰਡ ਰਣੀਆਂ, ਲੋਪੋਂ, ਨਿਹਾਲ ਸਿੰਘ ਵਾਲਾ ਅਤੇ ਪਿੰਡ ਦੀਨਾ ਵਿੱਚ ਬਣੇ ਸਾਂਝੇ ਜਲ ਤਲਾਬਾਂ (ਅੰਮ੍ਰਿਤ ਸਰੋਵਰ) ਨੂੰ ਦੇਖਿਆ ਗਿਆ ਅਤੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਧਰਤੀ ਵਿੱਚ ਜ਼ਜ਼ਬ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਹਨਾਂ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹਨਾਂ ਸਾਂਝੇ ਜਲ ਤਲਾਬਾਂ ਦੇ ਆਲ਼ੇ ਦੁਆਲ਼ੇ ਹੋਰ ਪੌਦੇ ਲਗਾਉਣ ਤਾਂ ਜੋ ਇਹਨਾਂ ਤਲਾਬਾਂ ਨੂੰ ਸੈਰਗਾਹ ਵਜੋਂ ਵੀ ਵਿਕਸਤ ਕੀਤਾ ਜਾ ਸਕੇ। ਇਹਨਾਂ ਵਿੱਚ ਮੱਛੀ ਪਾਲਣ ਕਰਕੇ ਪੰਚਾਇਤਾਂ ਦੀ ਆਮਦਨੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਇਹਨਾਂ ਤਲਾਬਾਂ ਵਿਚ ਕਿਸੇ ਵੀ ਤਰੀਕੇ ਗੰਦਾ ਪਾਣੀ ਨਾ ਪੈਣ ਦਿੱਤਾ ਜਾਵੇ। ਦੱਸਣਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਕੁੱਲ 75 ਸਾਂਝੇ ਜਲ ਤਲਾਬਾਂ (ਅੰਮ੍ਰਿਤ ਸਰੋਵਰ) ਦਾ ਨਿਰਮਾਣ ਕਰਵਾਇਆ ਗਿਆ ਹੈ।
ਇਸ ਤੋਂ ਪਹਿਲਾਂ ਟੀਮ ਵੱਲੋਂ ਮੋਗਾ ਸ਼ਹਿਰ ਵਿਖੇ ਲੱਗੇ ਸੀਵਰੇਜ ਟਰੀਟਮੈਂਟ ਪਲਾਂਟ ਦੁਆਰਾ ਸਾਫ਼ ਕੀਤੇ ਪਾਣੀ ਨੂੰ ਖੇਤਾਂ ਦੀ ਸਿੰਚਾਈ ਲਈ ਵਰਤੇ ਜਾਣ ਦੇ ਪ੍ਰੋਜੈਕਟ ਦਾ ਮੁਆਇਨਾ ਵੀ ਕੀਤਾ । ਟੀਮ ਵੱਲੋਂ ਸਾਰੇ ਅਧਿਕਾਰੀਆ ਨੂੰ ਹਦਾਇਤ ਕੀਤੀ ਗਈ ਕਿ ਪਾਣੀ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਮੋਗਾ ਜ਼ਿਲ੍ਹੇ ਵਿੱਚ ਜ਼ਮੀਨੀ ਪਾਣੀ ਦੇ ਲਗਾਤਾਰ ਗਿਰਦੇ ਪੱਧਰ ਨੂੰ ਬਚਾਇਆ ਜਾ ਸਕੇ ਅਤੇ ਇਸ ਅਭਿਆਨ ਨੂੰ ਸਫਲ ਬਣਾਇਆ ਜਾ ਸਕੇ। ਇਸ ਤੋਂ ਪਹਿਲਾਂ ਮੀਟਿੰਗ ਵਿੱਚ ਸਮੂਹ ਅਧਿਕਾਰੀਆਂ ਨੇ ਸਹੁੰ ਵੀ ਚੁੱਕੀ ਕਿ ਉਹ ਪਾਣੀ ਬਚਾਉਣ ਅਤੇ ਇਸਦੇ ਸਦਉਪਯੋਗ ਕਰਨ ਨੂੰ ਯਕੀਨੀ ਬਣਾਉਣਗੇ, ‘ਕੈਚ ਦੀ ਰੇਨ’ ਅਭਿਆਨ ਨੂੰ ਪ੍ਰਫੁੱਲਤ ਕਰਨ ਲਈ ਯੋਗਦਾਨ ਦੇਣਗੇ।

Leave a Reply

Your email address will not be published. Required fields are marked *