ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖੇਤੀਬਾੜੀ ਖੇਤਰ ‘ਚ ਭਾਈਵਾਲੀ ਬਾਰੇ ਵਿਆਪਕ ਚਰਚਾ

ਨਵੀਂ ਦਿੱਲੀ/ਚੰਡੀਗੜ੍ਹ, 14 ਜੁਲਾਈ:

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਨਵੀਂ ਦਿੱਲੀ ਵਿਖੇ ਰਾਇਲ ਡੈਨਿਸ਼ ਅੰਬੈਸੀ ਦੇ ਰਾਜਦੂਤ ਸ੍ਰੀ ਫਰੈਡੀ ਸਵੈਨ ਨਾਲ ਮੀਟਿੰਗ ਕੀਤੀ।

ਪੰਜਾਬ ਅਤੇ ਡੈਨਮਾਰਕ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਪਾਰ ਲਈ ਸੰਭਾਵੀ ਸਹਿਯੋਗ ਬਾਰੇ ਗੱਲਬਾਤ ‘ਤੇ ਕੇਂਦਰਿਤ ਇਸ ਉੱਚ-ਪੱਧਰੀ ਮੀਟਿੰਗ ਦੌਰਾਨ ਸ. ਚੇਤਨ ਸਿੰਘ ਜੌੜਾਮਾਜਰਾ ਅਤੇ ਡੈਨਮਾਰਕ ਦੇ ਰਾਜਦੂਤ ਸ੍ਰੀ ਸਵੈਨ ਨੇ ਆਪਸੀ ਹਿੱਤਾਂ ਦੇ ਵੱਖ-ਵੱਖ ਖੇਤਰਾਂ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦਿਆਂ ਖੁਲ੍ਹੀ ਵਿਚਾਰ-ਚਰਚਾ ਕੀਤੀ।

ਮੀਟਿੰਗ ਦੌਰਾਨ ਦੋਹਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਪੋ-ਆਪਣੇ ਖੇਤਰਾਂ ਦੀਆਂ ਸਮਰੱਥਾਵਾਂ ਦਾ ਲਾਭ ਉਠਾਉਣ ‘ਤੇ ਜ਼ੋਰ ਦਿੱਤਾ। ਵਿਚਾਰ-ਵਟਾਂਦਰੇ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ  ਗੱਲਬਾਤ ਕੀਤੀ ਗਈ, ਜਿਸ ਵਿੱਚ ਟਿਕਾਊ ਖੇਤੀ ਅਤੇ ਬਾਗ਼ਬਾਨੀ ਖੇਤਰ ‘ਚ ਨਵੀਨ ਤਕਨੀਕਾਂ, ਫ਼ੂਡ ਪ੍ਰੋਸੈਸਿੰਗ, ਬਾਇਓਗੈਸ ਖੇਤਰ ਦੇ ਵਿਕਾਸ, ਧਰਤੀ ਹੇਠਲੇ ਪਾਣੀ ਦੇ ਪ੍ਰਬੰਧਨ, ਕੁਸ਼ਲ ਸਿੰਜਾਈ ਤਕਨੀਕਾਂ, ਜਲ ਸੰਭਾਲ ਉਦਮਾਂ ਅਤੇ ਡੇਅਰੀ ਖੇਤਰ ਵਿੱਚ ਸਹਿਯੋਗ ਆਦਿ ਸ਼ਾਮਲ ਰਿਹਾ।

ਬਾਗ਼ਬਾਨੀ ਮੰਤਰੀ ਨੇ ਪੰਜਾਬ ਦੀ ਅਮੀਰ ਖੇਤੀ ਵਿਰਾਸਤ ਅਤੇ ਬਾਗ਼ਬਾਨੀ ਖੇਤਰ ਦੇ ਆਧੁਨਿਕੀਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਸੂਬੇ ਦੀ ਖ਼ੁਸ਼ਹਾਲੀ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਕੈਬਨਿਟ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਪੰਜਾਬ ਸਰਕਾਰ ਕੌਮਾਂਤਰੀ ਭਾਈਵਾਲੀ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਲਈ ਵਚਨਬੱਧ ਹੈ, ਜੋ ਸੂਬੇ ਦੇ ਖੇਤੀ ਅਤੇ ਆਰਥਿਕ ਵਿਕਾਸ ਵਿੱਚ ਵੱਡੇ ਪੱਧਰ ‘ਤੇ ਯੋਗਦਾਨ ਪਾ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਬਾਇਓਗੈਸ ਦੇ ਖੇਤਰ ‘ਚ ਵਿਕਾਸ, ਜ਼ਮੀਨ ਹੇਠਲੇ ਪਾਣੀ ਦਾ ਪ੍ਰਬੰਧਨ ਅਤੇ ਕੁਸ਼ਲ ਸਿੰਜਾਈ ਤਕਨੀਕਾਂ ‘ਤੇ ਧਿਆਨ ਕੇਂਦਰਤ ਕਰਨ ਨਾਲ ਦੋਵਾਂ ਖੇਤਰਾਂ ਦੀਆਂ ਟਿਕਾਊ ਵਿਕਾਸ ਅਤੇ ਵਾਤਾਵਰਣ ਸੰਭਾਲ ਪ੍ਰਤੀ ਵਚਨਬੱਧਤਾਵਾਂ ਨੂੰ ਪੂਰਾ ਕੀਤਾ ਜਾ ਸਕੇਗਾ।

ਡੈਨਿਸ਼ ਰਾਜਦੂਤ ਸ੍ਰੀ ਸਵੈਨ ਨੇ ਟਿਕਾਊ ਖੇਤੀ ਤਕਨੀਕਾਂ, ਨਵਿਆਉਣਯੋਗ ਊਰਜਾ ਤਕਨੀਕਾਂ ਅਤੇ ਜਲ ਪ੍ਰਬੰਧਨ ਵਿੱਚ ਡੈਨਮਾਰਕ ਦੀ ਮੁਹਾਰਤ ਬਾਰੇ ਚਾਨਣਾ ਪਾਇਆ ਅਤੇ ਪੰਜਾਬ ਨਾਲ ਸੰਭਾਵੀ ਸਹਿਯੋਗ ਵਿੱਚ ਡੂੰਘੀ ਦਿਲਚਸਪੀ ਦਿਖਾਈ।

ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਅਤੇ ਡੈਨਮਾਰਕ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਅਗਲੇ ਦਿਨਾਂ ਦੌਰਾਨ ਸ੍ਰੀ ਫਰੈਡੀ ਸਵੈਨ ਦੀ ਮੁਲਾਕਾਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਕਰਵਾਉਣ ਲਈ ਉਪਰਾਲੇ ਕਰਨਗੇ।

ਉਨ੍ਹਾਂ ਕਿਹਾ ਕਿ ਇਹ ਮੀਟਿੰਗ ਸੂਬਾ ਪੱਧਰ ‘ਤੇ ਇੰਡੋ-ਡੈਨਿਸ਼ ਸਬੰਧਾਂ ਦੀ ਮਜ਼ਬੂਤੀ ਲਈ ਇੱਕ ਅਹਿਮ ਕਦਮ ਸਾਬਿਤ ਹੋਵੇਗੀ, ਜੋ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਖੇਤਰਾਂ ‘ਚ ਆਪਸੀ ਸਹਿਯੋਗ ਲਈ ਰਾਹ ਪੱਧਰਾ ਕਰੇਗੀ। ਇਸ ਦੇ ਨਾਲ ਹੀ ਇਹ ਕਦਮ ਪੰਜਾਬ ਦੇ ਖੇਤੀਬਾੜੀ ਸੈਕਟਰ ਅਤੇ ਡੈਨਮਾਰਕ ਦੇ ਕਾਰੋਬਾਰ ਦੋਹਾਂ ਲਈ ਵੀ ਲਾਹੇਵੰਦ ਹੋਵੇਗਾ।

Leave a Reply

Your email address will not be published. Required fields are marked *