ਬਾਘਾਪੁਰਾਣਾ ਵਿਖੇ ਲੱਗੇ ਕੈਂਪ ਵਿੱਚ ਲੋਕਾਂ ਨੂੰ ਮੌਕੇ ਤੇ ਮੁਹੱਈਆ ਕਰਵਾਈਆਂ ਸਰਕਾਰੀ ਸੇਵਾਵਾਂ

ਬਾਘਾਪੁਰਾਣਾ, 10 ਜੁਲਾਈ –
ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਹੱਲ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ‘ਆਪ ਦੀ ਸਰਕਾਰ-ਆਪ ਦੇ ਦੁਆਰ’ ਤਹਿਤ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਬਲਾਕ ਬਾਘਾਪੁਰਾਣਾ ਦੇ ਪਿੰਡਾਂ ਦਾ ਕੈਂਪ ਪਿੰਡ ਸੰਗਤਪੁਰਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਸ੍ਰ. ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕੀਤਾ। ਇਸ ਕੈਂਪ ਵਿਚ ਸੈਂਕੜੇ ਲੋਕਾਂ ਨੇ ਸ਼ਿਰਕਤ ਕਰਕੇ ਆਪਣੇ ਰੁਕੇ ਕੰਮ ਕਰਵਾਏ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਲਈ। ਕਈ ਲਾਭਪਾਤਰੀਆਂ ਨੂੰ ਮੌਕੇ ਉੱਤੇ ਸਰਟੀਫਿਕੇਟ ਜਾਰੀ ਕੀਤੇ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਸ੍ਰ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਵੋਟਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ ਉੱਤੇ ਲੋਕਾਂ ਦੇ ਦਰਾਂ ਉੱਤੇ ਜਾ ਕੇ ਸਰਕਾਰੀ ਸੇਵਾਵਾਂ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਨੇ ਅੱਜ ਇਹ ਵਾਅਦਾ ਪੂਰਾ ਕਰ ਦਿੱਤਾ ਹੈ। ਹੁਣ ਆਮ ਲੋਕਾਂ ਨੂੰ ਕੰਮ ਕਰਵਾਉਣ ਲਈ ਦਫ਼ਤਰਾਂ ਵਿਚ ਖੱਜਲ ਖੁਆਰ ਹੋਣ ਦੀ ਲੋੜ ਨਹੀਂ। ਅਜਿਹੇ ਕੈਂਪ ਲਗਾਤਾਰ ਪਿੰਡਾਂ ਵਿੱਚ ਲੱਗਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਬਦੌਲਤ ਲੋਕਾਂ ਦੇ ਪੈਡਿੰਗ ਸਰਕਾਰੀ ਕੰਮ ਮੌਕੇ ਉੱਪਰ ਹੀ ਹੋ ਰਹੇ ਹਨ।
ਅੱਜ ਦੇ ਵਿਸ਼ੇਸ਼ ਵਿੱਚ ਸੰਗਤਪੁਰਾ, ਚੰਨੂਵਾਲਾ, ਲਧਾਈਕੇ, ਕੋਟਲਾ ਰਾਈਕਾ, ਜੀਤਾ ਸਿੰਘ ਵਾਲਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ, ਜਿਨ੍ਹਾਂ ਦਾ ਮੌਕੇ ਉੱਪਰ ਨਿਪਟਾਰਾ ਕੀਤਾ ਗਿਆ।
ਕੈਂਪ ਵਿੱਚ ਐਸ.ਡੀ.ਐਮ. ਬਾਘਾਪੁਰਾਣਾ ਸ੍ਰ. ਹਰਕੰਵਲਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਸ਼ੁਭੀ ਆਂਗਰਾ ਨੇ ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸ਼ਿਰਕਤ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ।
ਐਸ.ਡੀ.ਐਮ. ਹਰਕੰਵਲਜੀਤ ਸਿੰਘ ਨੇ ਇਸ ਕੈਂਪ ਬਾਰੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਤੁਰੰਤ ਪ੍ਰਭਾਵ ਨਾਲ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਕੇਸਾਂ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਰਜ਼ੀਆਂ ਫਾਰਵਰਡ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਕਰ ਦਿੱਤੇ ਗਏ ਹਨ ਕਿ ਇਨ੍ਹਾਂ ਮੁਸ਼ਕਿਲਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਹੱਲ ਕਰਨਾ ਯਕੀਨੀ ਬਣਾਇਆ ਜਾਵੇ। ਉਹਨਾਂ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਹੁਣ ਮਿਤੀ 12 ਜੁਲਾਈ ਦਿਨ ਸ਼ੁੱਕਰਵਾਰ ਨੂੰ ਤਲਵੰਡੀ ਭੰਗੇਰੀਆਂ, ਲੰਡੇਕੇ, ਰੌਲੀ, ਮਹਿਣਾ, ਬੁੱਘੀਪੁਰਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਤਲਵੰਡੀ ਭੰਗੇਰੀਆਂ  ਦੇ ਦੀ ਧਰਮਸ਼ਾਲਾ ਜਿਹੜੀ ਕਿ ਪਟਵਾਰ ਖਾਨੇ ਦੇ ਸਾਹਮਣੇ ਹੈ, ਵਿਖੇ ਸੁਣੀਆਂ ਜਾਣਗੀਆਂ। ਮਿਤੀ 17 ਜੁਲਾਈ ਦਿਨ ਬੁੱਧਵਾਰ ਨੂੰ ਤਖਤੂਪੁਰਾ, ਲੋਹਾਰਾ, ਬਿਲਾਸਪੁਰ, ਰਾਮਾ, ਮਾਛੀਕੇ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਤਖਤੂਪੁਰਾ  ਦੀ ਰਵੀਦਾਸੀਆ ਧਰਮਸ਼ਾਲਾ ਵਿਖੇ ਸੁਣੀਆਂ ਜਾਣਗੀਆਂ।
ਉਨ੍ਹਾ  ਪਿੰਡਾਂ ਦੇ ਵਾਸੀਆਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *