ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਲਈ 48000 ਦੇ ਕਰੀਬ ਫਾਰਮ ਪ੍ਰਾਪਤ ਹੋਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜਨਵਰੀ, 2024:
ਗੁਰਦੁਆਰਾ ਬੋਰਡ ਚੋਣਾਂ (ਐਸ ਜੀ ਪੀ ਸੀ) ਲਈ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ, ਜ਼ਿਲ੍ਹਾ ਪ੍ਰਸ਼ਾਸਨ ਯੋਗ ਵੋਟਰਾਂ ਨੂੰ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਲਈ ਅੰਤਿਮ ਮਿਤੀ (29 ਫਰਵਰੀ, 2024) ਤੋਂ ਪਹਿਲਾਂ ਪਹਿਲਾਂ ਫ਼ਾਰਮ ਭਰਨ ਲਈ ਜਾਗਰੂਕ ਕਰ ਰਿਹਾ ਹੈ।
      ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਵੱਖ-ਵੱਖ ਪੱਧਰਾਂ ‘ਤੇ ਕੀਤੇ ਜਾ ਰਹੇ ਠੋਸ ਉਪਰਾਲਿਆਂ ਸਦਕਾ ਇਹ ਗਿਣਤੀ ਦਿਨੋ-ਦਿਨ ਵੱਧ ਰਹੀ ਹੈ।  ਗੁਰਦੁਆਰਾ ਸਾਹਿਬਾਨ ਵਿਖੇ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾਉਣ ਤੋਂ ਇਲਾਵਾ ਪਟਵਾਰੀਆਂ ਅਤੇ ਨਗਰ ਕੌਂਸਲਾਂ ਦੇ ਸਟਾਫ਼ ਦੇ ਨਾਲ ਬੀ.ਐਲ.ਓਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ।  ਬੀ.ਐਲ.ਓਜ਼ ਨੇ ਵੀ ਘਰ-ਘਰ ਜਾ ਕੇ ਪਟਵਾਰੀਆਂ ਅਤੇ ਨਗਰ ਨਿਗਮ ਦੇ ਸਟਾਫ਼ ਦੀ ਮਦਦ ਕੀਤੀ ਹੈ।
     ਪਿਛਲੀ ਵਾਰ ਗੁਰਦੁਆਰਾ ਬੋਰਡ ਚੋਣਾਂ ਤਹਿਤ ਕੁੱਲ ਵੋਟਰ 70000 ਦੇ ਕਰੀਬ ਸਨ ਅਤੇ ਜ਼ਿਲ੍ਹੇ ਨੇ ਇਸ ਵਾਰ ਹਰੇਕ ਯੋਗ ਵੋਟਰ ਨੂੰ ਰਜਿਸਟਰ ਕਰਨ ਦਾ ਟੀਚਾ ਮਿਥਿਆ ਹੈ।
     ਯੋਗ ਵੋਟਰਾਂ ਨੂੰ ਹੇਠ ਲਿਖੇ ਮਾਪਦੰਡ ਪੂਰੇ ਕਰਨੇ ਪੈਣਗੇ;  21 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ, ਕੇਸ਼ਾਧਾਰੀ ਸਿੱਖ, ਦਾੜ੍ਹੀ-ਕੇਸਾਂ ਦੀ ਬੇਅਦਬੀ ਨਾ ਕਰਨ ਵਾਲੇ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾ ਕਰਨ ਵਾਲੇ।
       ਉਨ੍ਹਾਂ ਕਿਹਾ ਕਿ ਯੋਗ ਮਾਪਦੰਡਾਂ ਨੂੰ ਪੂਰਾ ਕਰਨ ਵਾਲਾ ਕੋਈ ਵੀ ਵਿਅਕਤੀ ਆਪਣਾ ਫਾਰਮ ਹਲਕਾ ਪਟਵਾਰੀ (ਪੇਂਡੂ ਖੇਤਰ ਵਿੱਚ) ਅਤੇ ਨਗਰ ਕੌਂਸਲ ਦਫ਼ਤਰ (ਸ਼ਹਿਰੀ ਖੇਤਰ ਦੇ ਮਾਮਲੇ ਵਿੱਚ) ਕੋਲ ਜਮ੍ਹਾਂ ਕਰਵਾ ਸਕਦਾ ਹੈ।
       ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਸਬ ਡਵੀਜ਼ਨ ਦੇ ਉਪ ਮੰਡਲ ਮੈਜਿਸਟਰੇਟਾਂ ਨੂੰ ਰੀਵਾਈਜ਼ਿੰਗ ਅਥਾਰਟੀ ਅਫ਼ਸਰਾਂ ਦੇ ਨਾਲ-ਨਾਲ ਮਾਲ ਅਫ਼ਸਰਾਂ ਨੂੰ ਸਹਾਇਕ ਰੀਵਾਈਜ਼ਿੰਗ ਅਥਾਰਟੀ ਅਫ਼ਸਰਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਸ਼ੰਕਾ ਹੈ, ਤਾਂ ਇਨ੍ਹਾਂ ਅਧਿਕਾਰੀਆਂ ਨਾਲ ਸੰਪਰਕ ਕਰ ਸਕਦਾ ਹੈ।
       ਹੁਣ ਤੱਕ ਪ੍ਰਾਪਤ ਫਾਰਮਾਂ ਦੀ ਗਿਣਤੀ ਦੱਸਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਦਿਨ ਤੱਕ ਕੁੱਲ ਗਿਣਤੀ 47898 ਸੀ ਅਤੇ ਅਸੀਂ ਯੋਗ ਵੋਟਰਾਂ ਨੂੰ ਛੁੱਟੀ ਵਾਲੇ ਦਿਨ ਉਨ੍ਹਾਂ ਦੀ ਸਹੂਲਤ ਅਨੁਸਾਰ ਰਜਿਸਟਰ ਕਰਨ ਤੇ ਜ਼ੋਰ ਦੇ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਰ ਵਜੋਂ ਨਾਮਜ਼ਦ ਵਿਅਕਤੀਆਂ ਵਿੱਚੋਂ 27418 ਔਰਤਾਂ ਅਤੇ 20480 ਪੁਰਸ਼ਾਂ ਨੇ ਆਪਣੇ ਫਾਰਮ ਜਮ੍ਹਾਂ ਕਰਵਾਏ ਹਨ।

Leave a Reply

Your email address will not be published. Required fields are marked *