ਬਿਜਲੀ ਸਬੰਧੀ ਸਮੱਸਿਆਵਾਂ ਦਾ ਤੁਰੰਤ ਕੀਤਾ ਜਾਵੇ ਨਿਪਟਾਰਾ – ਵਿਧਾਇਕ ਬੱਗਾ

ਲੁਧਿਆਣਾ, 11 ਜੂਨ (000) – ਮੌਜੂਦਾ ਗਰਮੀ ਦੇ ਮੌਸਮ ਦੌਰਾਨ ਹਲਕੇ ਦੇ ਵਸਨੀਕਾਂ ਨੂੰ ਬਿਜਲੀ ਸਬੰਧੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗੁਵਾਈ ਵਿੱਚ ਬਿਜਲੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਵਿਭਾਗ ਦੇ ਐਸ.ਸੀ. ਸੁਰਜੀਤ ਸਿੰਘ ਤੋਂ ਇਲਾਵਾ ਐਕਸੀਅਨ, ਜੇ.ਈ., ਐਸ.ਡੀ.ਓਜ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਵਿਧਾਇਕ ਬੱਗਾ ਨੇ ਦੱਸਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਸਨੀਕਾਂ ਨੂੰ ਬਿਜਲੀ, ਪਾਣੀ, ਸਵੱਛ ਵਾਤਾਵਰਣ ਤੋਂ ਇਲਾਵਾ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਵੱਖ-ਵੱਖ ਇਲਾਕਿਆਂ ਵਿੱਚੋਂ ਬਿਜਲੀ ਸਮੱਸਿਆ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਲਕੇ ਦੇ ਵਸਨੀਕਾਂ ਨੂੰ ਬਿਜਲੀ ਸਬੰਧੀ ਕੋਈ ਵੀ ਪਰੇਸ਼ਾਨੀ ਨਾ ਆਵੇ ਅਤੇ ਇਨ੍ਹਾਂ ਕਾਰਜਾਂ ਵਿੱਚ ਕੋਈ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਵਾਧੂ ਲੋਡ ਕਾਰਨ ਜੇਕਰ ਇਲਾਕੇ ਅੰਦਰ ਹੋਰ ਟਰਾਂਸਫਾਰਮ ਲਾਉਣ ਦੀ ਲੋੜ ਹੈ ਤਾਂ ਤੁਰੰਤ ਲਾਏ ਜਾਣ ਜਾਂ ਲੋਡ ਵੀ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿੱਥੇ ਤਾਰਾਂ ਦੀ ਸਥਿਤੀ ਨਾਜੁਕ ਹੈ ਉਹਨਾਂ ਨੂੰ ਵੀ ਬਦਲਿਆ ਜਾਵੇ। ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵਿਧਾਇਕ ਬੱਗਾ ਨੂੰ ਭਰੋਸਾ ਦਿੱਤਾ ਗਿਆ ਕਿ ਇਹ ਕੰਮ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਮੁਕੰਮਲ ਕਰ ਲਏ ਜਾਣਗੇ ਅਤੇ ਵਸਨੀਕਾਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕੀਤਾ ਜਾਵੇਗਾ।

ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਵਿਭਾਗ ਕੋਲ ਟਰਾਂਸਫਾਰਮਰ, ਬਿਜਲੀ ਦੀਆਂ ਤਾਰਾਂ ਅਤੇ ਹੋਰ ਜਰੂਰੀ ਸਮਾਨ ਦੀ ਕੋਈ ਘਾਟ ਨਹੀਂ ਹੈ, ਹਰ ਇਲਾਕੇ ਵਿੱਚ ਲੋੜੀਂਦੀਆਂ ਸਹੂਲਤਾਂ ਤੁਰੰਤ ਮੁਹੱਈਆ ਕਰਵਾਈਆਂ ਜਾਣਗੀਆਂ।

Leave a Reply

Your email address will not be published. Required fields are marked *