ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ‘ਚ ਵੱਡੇ ਪੱਧਰ ‘ਤੇ ਬੂਟੇ ਲਗਾਉਣ ਦੀ ਵਿੱਢੀ ਗਈ ਹੈ ਮੁਹਿੰਮ

ਲੁਧਿਆਣਾ, 7 ਜੂਨ (000) – ਜੰਗਲਾਤ ਰਾਹੀਂ ਜ਼ਿਲ੍ਹਾ ਲੁਧਿਆਣਾ ਨੂੰ ਹਰਿਆ ਭਰਿਆ ਵਾਤਾਵਰਣ ਪ੍ਰਦਾਨ ਕਰਨ ਦੇ ਉਦੇਸ਼ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਗਲੇ ਮਹੀਨੇ ਤੋਂ ਜ਼ਿਲ੍ਹੇ ਭਰ ਵਿੱਚ ਡੇਢ ਲੱਖ ਬੂਟੇ ਲਗਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਹਰੇਕ ਵਿਭਾਗ ਲਈ ਟੀਚੇ ਮਿੱਥੇ ਗਏ ਹਨ।

ਇਸ ਸਬੰਧੀ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ ਗਈ, ਜਿੱਥੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਦੱਖਣੀ ਸਰਕਲ ਕੰਜ਼ਰਵੇਟਰ ਅਜੀਤ ਕੁਲਕਰਨੀ, ਆਈ.ਐਫ.ਐਸ. ਅਤੇ ਡੀ.ਐਫ.ਓ ਰਾਜੇਸ਼ ਕੁਮਾਰ ਨੇ ਵਿਭਾਗ ਦੇ ਮੁਖੀਆਂ ਨਾਲ ਯੋਜਨਾ ਬਾਰੇ ਚਰਚਾ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਧਾਲੀਵਾਲ ਨੇ ਦੱਸਿਆ ਕਿ ਮਾਨਸੂਨ ਦੇ ਮੌਸਮ ਦੇ ਸ਼ੁਰੂ ਹੋਣ ਦੇ ਨਾਲ ਹੀ ਪ੍ਰਸ਼ਾਸਨ ਨੇ ਜੰਗਲਾਤ ਹੇਠ ਰਕਬਾ ਵਧਾਉਣ ਲਈ ਇਸ ਮੁਹਿੰਮ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਹ ਬੂਟੇ ਪੰਚਾਇਤੀ ਜ਼ਮੀਨਾਂ, ਪਿੰਡਾਂ ਦੇ ਛੱਪੜਾਂ ਦੇ ਆਲੇ-ਦੁਆਲੇ, ਸੜਕਾਂ ਦੇ ਕਿਨਾਰਿਆਂ, ਵਿਦਿਅਕ ਸੰਸਥਾਵਾਂ, ਸਿਹਤ ਸੰਭਾਲ ਕੇਂਦਰਾਂ ਅਤੇ ਹਰੇਕ ਵਿਭਾਗ ਵੱਲੋਂ ਉਨ੍ਹਾਂ ਦੀਆਂ ਖਾਲੀ ਪਈਆਂ ਜ਼ਮੀਨਾਂ ‘ਤੇ ਹਰਿਆਲੀ ਵਧਾਉਣ ਲਈ ਲਗਾਏ ਜਾਣਗੇ। ਉਨ੍ਹਾਂ ਮੁੱਖੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗਾਂ ਵਿੱਚ ਨੋਡਲ ਅਫ਼ਸਰ ਨਿਯੁਕਤ ਕਰਨ ਤਾਂ ਜੋ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰੇਕ ਵਿਭਾਗ ਨੂੰ ਟੀਚੇ ਦੀ ਪ੍ਰਾਪਤੀ ਲਈ ਡੂੰਘੀ ਦਿਲਚਸਪੀ ਲੈਣੀ ਚਾਹੀਦੀ ਹੈ। ਉਨ੍ਹਾਂ ਵਾਤਾਵਰਨ ਦੀ ਸੰਭਾਲ, ਹਵਾ ਦੀ ਗੁਣਵੱਤਾ ਵਿੱਚ ਸੁਧਾਰ, ਪਾਣੀ ਅਤੇ ਮਿੱਟੀ ਦੀ ਸਿਹਤ ਨੂੰ ਬਚਾਉਣ ਵਿੱਚ ਰੁੱਖਾਂ ਦੀ ਅਹਿਮ ਭੂਮਿਕਾ ‘ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਨੌਜਵਾਨਾਂ ਨੂੰ ‘ਗਰੀਨ ਐਂਡ ਕਲੀਨ ਲੁਧਿਆਣਾ’ ਬਣਾਉਣ ਲਈ ਵਾਤਾਵਰਨ ਸੰਭਾਲ ਦੇ ਦੂਤ ਬਣਨੇ ਚਾਹੀਦੇ ਹਨ।

ਦੱਖਣੀ ਸਰਕਲ ਕੰਜ਼ਰਵੇਟਰ ਆਫ਼ ਫਾਰੈਸਟ ਅਜੀਤ ਕੁਲਕਰਨੀ ਨੇ ਵਾਤਾਵਰਨ ਪ੍ਰਦੂਸ਼ਣ ਨਾਲ ਨਜਿੱਠਣ ਲਈ ਅਜਿਹੀਆਂ ਮੁਹਿੰਮਾਂ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਵਿਅਕਤੀ ਆਈ-ਹਰਿਆਲੀ ਐਪ ਰਾਹੀਂ ਜੰਗਲਾਤ ਵਿਭਾਗ ਤੋਂ ਮੁਫ਼ਤ ਬੂਟੇ ਪ੍ਰਾਪਤ ਕਰ ਸਕਦੇ ਹਨ। ਸਥਾਨ-ਵਿਸ਼ੇਸ਼ ਪੌਦੇ ਜੋ ਕਿ ਸਥਾਨਕ ਵਾਤਾਵਰਣ ਲਈ ਚੰਗੀ ਤਰ੍ਹਾਂ ਅਨੁਕੂਲ ਹਨ, ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਡੀ.ਐਫ.ਓ ਰਾਜੇਸ਼ ਕੁਮਾਰ ਨੇ ਲੁਧਿਆਣਾ ਵਿੱਚ ਇੱਕ ਏਕੜ ਵਿੱਚ 500 ਬੂਟੇ ‘ਨਾਨਕ ਬਗੀਚੀ’ ਦੀ ਸਥਾਪਨਾ ਦਾ ਜ਼ਿਕਰ ਕੀਤਾ। ਉਨ੍ਹਾਂ ਲੁਧਿਆਣਾ ਸਰਕਲ ਦੀਆਂ 24 ਨਰਸਰੀਆਂ ਵਿੱਚ ਦੇਸੀ ਜਾਮੁਨ, ਅਰਜੁਨ, ਅਮਰੂਦ, ਆਂਵਲਾ, ਕਿੱਕਰ, ਅਮਲਤਾਸ, ਗੁਲਮੋਹਰ, ਸੇਮੂਲ, ਟਾਹਲੀ, ਨਿੰਮ ਦੇ 19 ਲੱਖ ਬੂਟੇ ਉਪਲਬਧ ਹੋਣ ਬਾਰੇ ਵੀ ਦੱਸਿਆ।

ਵਿਭਾਗ ਦੇ ਮੁਖੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਫਾਇਦੇ ਲਈ ਘੱਟੋ-ਘੱਟ ਇੱਕ ਬੂਟਾ ਲਗਾ ਕੇ ਅਤੇ ਉਸ ਦੀ ਸਾਂਭ-ਸੰਭਾਲ ਕਰਕੇ ਇਸ ਕਾਰਜ ਵਿੱਚ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ।

Leave a Reply

Your email address will not be published. Required fields are marked *