ਝੋਨੇ ਦੀ ਲਵਾਈ ਪੰਜਾਬ ਸਰਕਾਰ ਵੱਲੋਂ ਨਿਰਧਾਰਤ 11 ਜੂਨ ਤੋਂ ਪਹਿਲਾਂ ਨਾ ਕੀਤੀ ਜਾਵੇ: ਮੁੱਖ ਖੇਤੀਬਾੜੀ ਅਫਸਰ

ਫਰੀਦਕੋਟ 6 ਜੂਨ 2024 ( ) ਕੁਦਰਤ ਵੱਲੋਂ ਬਖਸ਼ੇ ਅਨਮੋਲ ਖਜਾਨੇ, ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ ਪਨੀਰੀ ਤਿਆਰ ਕਰਕੇ ਲਵਾਈ ਕਰਨ ਦਾ ਸਮਾਂ 11 ਜੂਨ ਨਿਰਧਾਰਿਤ ਕੀਤਾ ਗਿਆ ਹੈ ਇਸ ਲਈ ਸੇਮ ਪ੍ਰਭਾਵਤ ਪਿੰਡਾਂ ਤੋਂ ਇਲਾਵਾ ਕਿਸੇ ਵੀ ਪਿੰਡ ਵਿੱਚ ਝੋਨੇ ਦੀ ਲਵਾਈ ਨਿਰਧਾਰਤ 11 ਜੂਨ ਤੋਂ ਪਹਿਲਾਂ ਕਰਨ ਤੇ ਪਾਬੰਧੀ ਲਗਾਈ ਗਈ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਦੱਸਿਆ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸਾਲ 2009 ਦੌਰਾਨ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ ਲਾਗੂ ਕੀਤਾ ਗਿਆ ਸੀ ਜਿਸ ਅਨੁਸਾਰ ਝੋਨੇ ਦੀ ਲਵਾਈ 10 ਜੂਨ ਤੋਂ ਪਹਿਲਾਂ ਕਰਨ ਦੀ ਮਨਾਹੀ ਕਰ ਦਿੱਤੀ ਗਈ ਸੀ,ਜਿਸ ਵਿੱਚ ਸਾਲ 2024-25 ਦੌਰਾਨ ਸੋਧ ਕਰਕੇ ਝੋਨੇ ਦੀ ਲਵਾਈ ਦਾ ਸਮਾਂ 11 ਜੂਨ ਨਿਰਧਾਰਿਤ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਝੋਨੇ ਦੀ ਕਾਸ਼ਤ ਲਈ ਜ਼ਮੀਨ ਹੇਠਲੇ ਪਾਣੀ ਦੀ ਵਧੇਰੇ ਵਰਤੋਂ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜੋ ਸਾਲ 1990-2000 ਦੌਰਾਨ ਪ੍ਰਤੀ ਸਾਲ 25 ਸੈਂਟੀਮੀਟਰ ਹੇਠਾਂ ਜਾ ਰਿਹਾ ਸੀ ,ਦੀ ਗਤੀ ਵਧ ਕੇ ਸਾਲ 2000-2008 ਦੌਰਾਨ 84 ਸੈਂਟੀਮੀਟਰ ਹੋ ਗਈ ਅਤੇ ਸਾਲ 2009 ਵਿੱਚ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ ਲਾਗੂ ਹੋਣ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਹੋ ਰਹੀ ਗਿਰਾਵਟ ਵਿੱਚ ਕਰੀਬ 50 ਫੀਸਦੀ ਤੱਕ ਕਮੀ ਦਰਜ਼ ਕੀਤੀ ਗਈ ਹੈ।

sਉਨਾਂ ਦੱਸਿਆ ਕਿ ਝੋਨੇ ਦੀ ਲਵਾਈ 11 ਜੂਨ ਤੋਂ ਬਾਅਦ ਕਰਨ ਨਾਲ ਝੋਨੇ ਵਿੱਚ ਗੋਭ ਦੀ ਸੁੰਡੀ ਦੀ ਰੋਕਥਾਮ ਹੋਣ ਦੇ ਨਾਲ ਨਾਲ ਕੀਟਨਾਸ਼ਕਾਂ ਦੀ ਵਰਤੋਂ ਵਿੱਚ ਕਮੀ ਹੋਣ ਦੇ ਨਾਲ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲਾ ਫਰੀਦਕੋਟ ਦੇ ਸੇਮ ਨਾਲ ਪ੍ਰਭਾਵਤ ਪਿੰਡਾਂ ਜਿਵੇਂ ਕੰਮੇਆਣਾ,ਮਚਾਕੀ ਮੱਲ ਸਿੰਘ,ਢੀਮਾਂਵਾਲੀ,ਫਿੱਡੇ ਕਲਾਂ,ਫਿੱਡੇ ਖੁਰਦ,ਚੱਕ ਢੀਮਾਂਵਾਲੀ,ਕਿਲਾ ਨੌ,ਚੱਕ ਡੱਗੋ ਰੁਮਾਣਾ,ਦਾਨਾ ਰੁਮਾਣਾ ਨੂੰ ਇਸ ਐਕਟ ਤੋਂ ਬਾਹਰ ਰੱਖਿਆ ਗਿਆ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਲਵਾਈ 11 ਜੂਨ ਤੋਂ ਹੀ ਸ਼ੁਰੂ ਕੀਤੀ ਜਾਵੇ ਤਾਂ ਜੋ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਜਾਣ ਤੋਂ ਰੋਕਿਆ ਜਾ ਸਕੇ।ਉਨਾਂ ਕਿਹਾ ਕਿ ਜੇਕਰ ਕੋਈ ਵੀ ਕਿਸਾਨ 11 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਪਾਇਆ ਗਿਆ ਤਾਂ ਉਸ ਕਿਸਾਨ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *