ਫ਼ਿਰੋਜ਼ਪੁਰ 30 ਮਈ, 2024:
ਲੋਕ ਸਭਾ ਹਲਕਾ 10-ਫਿਰੋਜ਼ਪੁਰ ਦੇ ਹਰੇਕ ਵੋਟਰ ਦੀ ਵੋਟਾਂ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਚੋਣਾਂ ਦੌਰਾਨ ਹਰ ਪੱਖ ਤੋਂ ਤਿਆਰੀਆਂ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਦੇ ਮਕਸਦ ਨਾਲ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਲਈ ਨਿਯੁਕਤ ਸਪੈਸ਼ਲ ਜਨਰਲ ਚੋਣ ਨਿਗਰਾਨ ਸ੍ਰੀ ਰਾਮ ਮੋਹਨ ਮਿਸ਼ਰਾ ਨੇ ਆਰ.ਓ ਕਮ– ਜ਼ਿਲ੍ਹਾ ਚੋਣ ਅਫ਼ਸਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ, ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਹਰਪ੍ਰੀਤ ਸਿੰਘ ਸੂਦਨ ਅਤੇ ਜ਼ਿਲ੍ਹਾ ਚੋਣ ਅਫ਼ਸਰ ਫ਼ਾਜ਼ਿਲਕਾ ਡਾ. ਸੇਨੂ ਦੁੱਗਲ ਸਮੇਤ ਐਸ.ਐਸ.ਪੀ. ਫ਼ਿਰੋਜ਼ਪੁਰ ਸੋਮਿਆ ਮਿਸ਼ਰਾ, ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਸ੍ਰੀ ਭਾਗੀਰਥ ਮੀਨਾ, ਐਸ.ਐਸ.ਪੀ. ਫ਼ਾਜ਼ਿਲਕਾ ਡਾ. ਪ੍ਰਗਿਆ ਜੈਨ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿੱਚ ਜਨਰਲ ਅਬਜ਼ਰਵਰ ਸ਼੍ਰੀ ਲਕਸ਼ਮੀਕਾਂਤ ਰੈੱਡੀ ਆਈ.ਏ.ਐਸ, ਖਰਚਾ ਅਬਜ਼ਰਵਰ ਸ੍ਰੀ ਨਾਗੇਂਦਰ ਯਾਦਵ ਆਈ.ਆਰ.ਐਸ, ਪੁਲਿਸ ਅਬਜ਼ਰਵਰ ਸ੍ਰੀ ਏ.ਆਰ.ਦਾਮੋਦਰ ਆਈ.ਪੀ.ਐਸ ਵੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਰਾਮ ਮੋਹਨ ਮਿਸ਼ਰਾ ਨੇ ਵੋਟਰਾਂ ਦੀ ਸਹੂਲਤ, ਈ.ਵੀ.ਐਮ ਦੀ ਸੁਰੱਖਿਆ, ਚੋਣ ਅਮਲੇ ਦੀ ਤਾਇਨਾਤੀ, ਕਿਸੇ ਘਟਨਾ ਦੇ ਵਾਪਰਨ ਦੌਰਾਨ ਰਿਸਪੌਂਸ ਟਾਈਮ, ਗਰਮੀ ਦੇ ਮੱਦੇਨਜ਼ਰ ਪਾਣੀ, ਕੂਲਰ ਆਦਿ ਦੇ ਪ੍ਰਬੰਧਨ ਤੋਂ ਇਲਾਵਾ ਮੀਡੀਆ ਰਾਹੀਂ ਪ੍ਰਾਪਤ ਹੋ ਰਹੀਆਂ ਖਬਰਾਂ ਤੇ ਚੋਣ ਵਾਲੇ ਦਿਨ ਅਤੇ ਇੱਕ ਦਿਨ ਪਹਿਲਾਂ ਕੜੀ ਨਜ਼ਰ ਰੱਖਣ ਸਬੰਧੀ ਦਿਸ਼ਾ–ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਅਧਿਕਾਰੀਆਂ ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਚੋਣਾਂ ਦੌਰਾਨ ਆਪਣਾ ਤਜ਼ਰਬਾ ਸਾਂਝਾ ਕੀਤਾ। ਉਨ੍ਹਾਂ ਚੋਣਾਂ ਵਿੱਚ ਡਿਊਟੀ ਕਰਨ ਵਾਲੇ ਹਰੇਕ ਅਧਿਕਾਰੀ/ਕਰਮਚਾਰੀ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਦੀ ਹਦਾਇਤ ਕੀਤੀ ਤਾਂ ਜੋ ਚੋਣਾਂ ਸੁਚੱਜੇ ਤੇ ਸ਼ਾਂਤਮਈ ਢੰਗ ਨਾਲ ਬਿਨਾਂ ਕਿਸੇ ਵਿਘਨ ਦੇ ਨੇਪਰੇ ਚੜ ਜਾਣ। ਉਨ੍ਹਾਂ ਚੋਣਾਂ ਸਬੰਧੀ ਕੀਤੇ ਗਏ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕਰਦਿਆਂ ਹਰ ਪਹਿਲੂ ’ਤੇ ਹੋਰ ਚੌਕਸੀ ਵਰਤਨ ਦੇ ਨਿਰਦੇਸ਼ ਦਿੱਤੇ।
ਹਲਕੇ ਦੇ ਸਾਰੇ ਵੋਟਰਾਂ ਅਤੇ ਆਮ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਕੋਈ ਵੀ ਜਾਣੇ-ਅਣਜਾਣੇ ਅਣਗਹਿਲੀ, ਕੋਤਾਹੀ ਅਤੇ ਸ਼ਿਕਾਇਤ ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਹਰ ਨਾਗਰਿਕ ਵਲੋਂ ਉਨ੍ਹਾਂ ਦੇ ਧਿਆਨ ਹਿੱਤ ਲਿਆਂਦੀ ਜਾਣਕਾਰੀ/ਸ਼ਿਕਾਇਤ ਤੇ ਬਿਨਾਂ ਕੋਈ ਸਮਾਂ ਗਵਾਇਆ ਤੁਰੰਤ ਕਾਰਵਾਈ ਕੀਤੀ ਜਾਵੇਗੀ ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਮਬਾ, ਐਸ.ਡੀ.ਐਮ. ਫ਼ਿਰੋਜ਼ਪੁਰ ਡਾ. ਚਾਰੂਮਿਤਾ, ਸਹਾਇਕ ਕਮਿਸ਼ਨਰ (ਜ) ਸ਼੍ਰੀ ਸੂਰਜ, ਇਲੈਕਸ਼ਨ ਤਹਿਸੀਲਦਾਰ ਸ਼੍ਰੀ ਚਾਂਦ ਪ੍ਰਕਾਸ਼, ਏ.ਸੀ.ਐਫ਼.ਏ. ਸ਼੍ਰੀ ਹਰਜਸਦੀਪ ਸਿੰਘ ਸਿੱਧੂ, ਲਾਇਜ਼ਨ ਅਫਸਰ ਪ੍ਰਗਟ ਸਿੰਘ ਬਰਾੜ, ਜਗਦੀਪ ਸਿੰਘ ਸੰਧੂ, ਟੀਮਾਂ ਦੇ ਇੰਚਾਰਜਾਂ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਇਸ ਦੌਰਾਨ ਵੀਡੀਓ ਕਾਨਵਰੰਸਿੰਗ ਰਾਹੀਂ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਫ਼ਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਨੇ ਸਬੰਧਤ ਜ਼ਿਲ੍ਹਿਆਂ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਅਤੇ ਚੋਣਾਂ ਦੌਰਾਨ ਕਾਰਗੁਜ਼ਾਰੀ ਬਾਰੇ ਸਪੈਸ਼ਲ ਜਨਰਲ ਚੋਣ ਆਬਜ਼ਰਵਰਜ਼ ਨੂੰ ਜਾਣੂ ਕਰਵਾਇਆ।