“ਯੂਥ ਚੱਲਿਆ ਬੂਥ” ਦੇ ਬੈਨਰ ਹੇਠ ਵੋਟਰ ਜਾਗਰੂਕਤਾ ਰੈਲੀ ਨੂੰ ਡਿਪਟੀ ਕਮਿਸ਼ਨਰ ਨੇ ਦਿੱਤੀ ਹਰੀ ਝੰਡੀ

ਫਰੀਦਕੋਟ 30 ਮਈ () ਨੋਜਵਾਨਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਅਤੇ ਲੋਕ ਸਭਾ ਚੋਣਾਂ ਲਈ ਦਿੱਤੇ ” ਇਸ ਵਾਰ 70 ਪਾਰ ” ਦੇ ਟੀਚੇ ਨੂੰ ਸਫਲਤਾ ਨਾਲ ਹਾਸਲ ਕਰਨ ਦੇ ਮੰਤਵ ਨਾਲ ਸਵੀਪ ਪ੍ਰੋਗਰਾਮ ਦੇ ਨਾਲ ਨਾਲ ਅੱਜ “ਯੂਥ ਚੱਲਿਆ ਬੂਥ” ਦੇ ਬੈਨਰ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਬਲਬੀਰ ਸਕੂਲ ਤੱਕ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਹ ਪੈਦਲ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਤੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਘੰਟਾ ਘਰ ਚੌਂਕ ਤੋਂ ਹੁੱਕੀ ਚੌਂਕ ਰਾਹੀਂ ਹੁੰਦਾ ਹੋਇਆ ਲੋਕਾਂ ਨੂੰ ਵੋਟਾਂ ਪਾਉਣ ਦੀ ਮਹੱਤਤਾ ਸਬੰਧੀ ਜਾਣੂ ਕਰਵਾਉਂਦਾ ਹੋਇਆ ਬਲਬੀਰ ਸਕੂਲ ਵਿਖੇ ਸਮਾਪਤ ਹੋਇਆ। ਇਸ ਮੌਕੇ ਜਿੱਥੇ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਵੱਲੋਂ ਵੋਟਰ ਪ੍ਰਣ ਬੋਰਡ ਉੱਤੇ ਦਸਤਖਤ ਕਰ ਕੇ ਵੋਟ ਪਾਉਣ ਦਾ ਅਹਿਦ ਲਿਆ ਗਿਆ ਉਥੇ ਰੈਲੀ ਵਿੱਚ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਗਿਆ।

ਜਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਦਿੱਤੇ ” ਇਸ ਵਾਰ 70 ਪਾਰ ” ਦੇ ਟੀਚੇ ਨੂੰ ਸਫਲਤਾ ਨਾਲ ਹਾਸਲ ਕਰਨ ਲਈ ਜਿੱਥੇ ਲਗਾਤਾਰ ਸਵੀਪ ਪ੍ਰੋਗਰਾਮ ਅਧੀਨ ਨੋਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਆਮ ਲੋਕਾਂ ਨੂੰ ਵੀ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਪੈਦਲ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੈਦਲ ਮਾਰਚ ਨੂੰ ਕੱਢਣ ਦਾ ਮੁੱਖ ਮਕਸਦ ਲੋਕਾਂ ਨੂੰ ਲੋਕਤੰਤਰ ਨਾਲ ਜੁੜ ਕੇ ਆਪਣੀ ਵੋਟ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਬੂਥਾਂ ਤੇ ਛਾਂ, ਪੀਣ ਵਾਲੇ ਪਾਣੀ, ਕੂਲਰ ਆਦਿ ਦਾ ਪ੍ਰਬੰਧ ਕੀਤਾ ਹੋਇਆ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਸਿਬਿਨ ਸੀ ਵੱਲੋਂ ਸ਼ੁਰੂ ਕੀਤੇ ਗਏ ‘ਵੋਟਰ ਕਿਊ ਇਨਫੋਰਮੇਸ਼ਨ ਸਿਸਟਮ’ ਨੂੰ ਵਰਤਣ ਤਾਂ ਜੋ ਉਹ ਆਪਣੇ ਬੂਥ ਤੇ ਲੱਗੀ ਕਤਾਰ ਬਾਰੇ ਜਾਣ ਸਕਣ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਦੇ ਨਾਲ ਨਾਲ ਉਹ ਆਪਣੇ ਵੋਟ ਦੇ ਅਧਿਕਾਰ ਦੀ ਵੀ ਵਰਤੋਂ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਸਿਸਟਮ ਨੂੰ ਵਰਤਣ ਲਈ ਵੋਟਰਾਂ ਨੂੰ ਇਕ ਵਟਸਐਪ ਨੰਬਰ 7447447217 ਉੱਤੇ ‘ਵੋਟ’ ਟਾਇਪ ਕਰਕੇ ਮੈਸੇਜ ਭੇਜਣਾ ਹੋਵੇਗਾ। ਇਸ ਤੋਂ ਬਾਅਦ ਇਕ ਲਿੰਕ ਪ੍ਰਾਪਤ ਹੋਵੇਗਾ ਜਿਸ ਉੱਤੇ ਕਲਿੱਕ ਕਰਨ ਮਗਰੋਂ 2 ਆਪਸ਼ਨ ; (1) ਲੋਕੇਸ਼ਨ ਵਾਈਜ਼ (2) ਬੂਥ ਵਾਈਜ਼ ਸਕਰੀਨ ਉੱਤੇ ਆਉਣਗੇ। ਲੋਕੇਸ਼ਨ ਵਾਈਜ਼ ਆਪਸ਼ਨ ਨੂੰ ਚੁਣਨ ਮਗਰੋਂ ਵੋਟਰ ਨੂੰ ਆਪਣੀ ਲੋਕੇਸ਼ਨ ਸ਼ੇਅਰ ਕਰਨੀ ਹੋਵੇਗੀ, ਜਿਸ ਤੋਂ ਬਾਅਦ ਮੋਬਾਇਲ ਦੀ ਸਕਰੀਨ ਉੱਤੇ ਵੋਟਰ ਦੇ ਘਰ ਨੇੜਲੇ ਪੋਲਿੰਗ ਬੂਥਾਂ ਦੀ ਸੂਚੀ ਆ ਜਾਵੇਗੀ। ਇਸ ਤੋਂ ਬਾਅਦ ਵੋਟਰ ਨੂੰ ਬੂਥ ਨੰਬਰ ਲਿਖ ਕੇ ਭੇਜਣਾ ਹੋਵੇਗਾ ਅਤੇ ਤੁਰੰਤ ਮੋਬਾਇਲ ਦੀ ਸਕਰੀਨ ਉੱਤੇ ਇਹ ਜਾਣਕਾਰੀ ਆ ਜਾਵੇਗੀ । ਉਨ੍ਹਾਂ ਕਿਹਾ ਕਿ ਵੋਟਾਂ ਪਾਉਣ ਦਾ ਸਮਾਂ ਸਵੇਰੇ 07:00 ਵਜੇ ਤੋਂ ਲੈਕੇ ਸ਼ਾਮ 06:00 ਵਜੇ ਤਕ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਜਗਜੀਤ ਸਿੰਘ ,ਐਸ. ਡੀ. ਐਮ. ਫਰੀਦਕੋਟ ਸ੍ਰੀ ਵਰੁਣ ਕੁਮਾਰ, ਉੱਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪ੍ਰਦੀਪ ਦਿਓੜਾ, ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ-ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਨੌਜਵਾਨ, ਸਕੂਲੀ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ।

Leave a Reply

Your email address will not be published. Required fields are marked *