ਲੋਕ ਸਭਾ ਚੋਣਾਂ ਨਾਲ ਸਬੰਧਤ ਹੁਣ ਤੱਕ ਪ੍ਰਾਪਤ ਹੋਈਆਂ 186 ਸ਼ਿਕਾਇਤਾਂ-ਜ਼ਿਲ੍ਹਾ ਚੋਣ ਅਫ਼ਸਰ

ਮਾਨਸਾ, 29 ਮਈ :
ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਜਾਬਤਾ ਲੱਗਣ ਉਪਰੰਤ ਹੁਣ ਤੱਕ ਜ਼ਿਲ੍ਹੇ ਅੰਦਰ ਚੋਣਾਂ ਨਾਲ ਸਬੰਧਤ ਵੱਖ ਵੱਖ 186 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿੰਨ੍ਹਾਂ ’ਚ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 28 ਮਈ ਸ਼ਾਮ 5 ਵਜੇ ਤੱਕ ਸੀ-ਵਿਜੀਲ ’ਤੇ ਕੁੱਲ 82 ਸ਼ਿਕਾਇਤਾਂ ਪ੍ਰਾਪਤ ਹੋਈਆਂ, ਵੋਟਰ ਹੈਲਪਲਾਈਨ ਨੰਬਰ 1950 ’ਤੇ 23, ਈ-ਮੇਲ ਰਾਹੀਂ ਅਤੇ ਦਸਤੀ 39, ਟੈਲੀਫ਼ੋਨ ਰਾਹੀਂ 01, ਈ ਗਵਰਨੈਂਸ ਰਾਹੀਂ 02 ਅਤੇ ਐਨ.ਜੀ.ਐਸ.ਪੀ ਰਾਹੀਂ 39 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿੰਨ੍ਹਾਂ ’ਚ ਸਾਰੀਆਂ ਸ਼ਿਕਾਇਤਾਂ ਦਾ ਹੀ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਗਤੀਵਿਧੀਆਂ ’ਤੇ ਹਰ ਪੱਖੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਚੋਣਾਂ ਨੂੰ ਸਫ਼ਲਤਾ ਪੂਰਵਕ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਟੀਮਾਂ ਦੇ ਗਠਨ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਕਮਰਾ ਨੰਬਰ 32 ਵਿਖੇ ਜ਼ਿਲ੍ਹਾ ਕੰਟਰੋਲ ਸੈਂਟਰ ਸਥਾਪਿਤ ਕੀਤਾ ਗਿਆ ਹੈ, ਜੋ ਕਿ 24X7 ਘੰਟੇ ਖੁੱਲ੍ਹਾ ਰਹਿੰਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਸਭਾ ਚੋਣਾਂ 2024 ਸਬੰਧੀ ਜ਼ਿਲ੍ਹੇ ਨਾਲ ਸਬੰਧਤ ਕੋਈ ਵੀ ਵਿਅਕਤੀ ਸੀ-ਵਿਜੀਲ (c-vigil) ਐਪਲੀਕੇਸ਼ਨ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਕਿਸੇ ਵੀ ਤਰ੍ਹਾਂ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਦਰਜ ਕਰਾ ਸਕਦਾ ਹੈ ਅਤੇ ਇਸ ਸ਼ਿਕਾਇਤ ਉੱਪਰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਟੋਲ ਫ਼ਰੀ ਨੰਬਰ 1800-180-2950, ਨੈਸ਼ਨਲ ਗਵਰਨਮੈਂਟ ਸਰਵਿਸਿਜ਼ ਪੋਰਟਲ (ਐਨ.ਜੀ.ਐਸ.ਪੀ), service.india.gov.in ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਕਮਰਾ ਨੰਬਰ 32 ਵਿਖੇ ਸਥਾਪਿਤ ਕੀਤੇ ਗਏ ਜ਼ਿਲ੍ਹਾ ਕੰਟਰੋਲ ਸੈਂਟਰ ਵਿਖੇ ਦਸਤੀ ਸ਼ਿਕਾਇਤ ਵੀ ਦਿੱਤੀ ਜਾ ਸਕਦੀ ਹੈ।

Leave a Reply

Your email address will not be published. Required fields are marked *