ਮਾਹਵਾਰੀ ਦੌਰਾਨ ਸਾਫ਼ ਸਫ਼ਾਈ ਨਾ ਰੱਖਣ ਕਰਕੇ ਲਾਗ ਦੀ ਸੰਭਾਵਨਾ ਵੱਧ ਜਾਂਦੀ ਹੈ: ਡਾ. ਕਵਿਤਾ ਸਿੰਘ

ਫਾਜ਼ਿਲਕਾ 29 ਮਈ :

ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਦਫਤਰ ਫਾਜ਼ਿਲਕਾ ਵਿਖੇ ਡੀਐਫਪੀਓ ਡਾ. ਕਵਿਤਾ ਸਿੰਘ ਨੇ ਮਾਹਵਾਰੀ ਸਫਾਈ ਦਿਵਸ ਸਬੰਧੀ ਇਕ ਜਾਗਰੂਕਤਾ ਪੋਸਟਰ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਪੀਡੀਮਾਲੋਜਿਸਟ ਡਾ. ਸੁਨੀਤਾ ਕੰਬੋਜ ਵਿਸ਼ੇਸ਼ ਤੌਰ ਤੇ ਹਾਜਰ ਰਹੇ।

ਜਾਣਕਾਰੀ ਦਿੰਦਿਆਂ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਅਤੇ ਹੋਰ ਜਨਤਕ ਥਾਵਾਂ ਤੇ ਮਾਹਵਾਰੀ ਸਫਾਈ ਦਿਵਸ ਸਬੰਧੀ ਜਾਗਰੂਕਤਾ ਸਮਾਗਮ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਸਾਲ ਦੁਨੀਆਂ ਭਰ ਵਿੱਚ ਮਾਹਵਾਰੀ ਸਫਾਈ ਦਿਵਸ ਮਨਾਇਆ ਜਾਂਦਾ ਹੈ। ਜਿਸ ਦਾ ਮਕਸਦ ਔਰਤਾਂ ਨੂੰ ਸੁਰੱਖਿਅਤ ਪੀਰੀਅਡਸ ਦੇ ਫਾਇਦਿਆਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਲਈ ਉਤਸ਼ਾਹਿਤ ਕਰਨਾ ਵੀ ਹੈ। ਉਹਨਾਂ ਦੱਸਿਆ ਕਿ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਅੱਜ ਵੀ ਪੀਰੀਅਡਜ਼ ਬਾਰੇ ਲੋਕਾਂ ਦੀ ਸੋਚ ਨਹੀਂ ਬਦਲੀ ਹੈ। ਇਸ ਕਾਰਨ ਅੱਜ ਵੀ ਔਰਤਾਂ ਇਸ ਤੇ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੀਆਂ। ਲੋਕਾਂ ਦੀ ਸੋਚ ਬਦਲਣ ਲਈ ਹੀ ਹਰ ਸਾਲ ਮਾਹਵਾਰੀ ਸਫ਼ਾਈ ਦਿਵਸ ਮਨਾਇਆ ਜਾਂਦਾ ਹੈ।

ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ 11 ਤੋਂ 19 ਸਾਲ ਤੱਕ ਦੀਆਂ ਕੁੜੀਆਂ ਅਤੇ ਔਰਤਾਂ ਦੀ ਸਿਹਤ ਲਈ ਮਾਹਵਾਰੀ ਨਾਲ ਜੁੜੀਆਂ ਗਲਤ ਧਾਰਨਾਵਾਂ ਅਤੇ ਮਿੱਥਾਂ ਨੂੰ ਦੂਰ ਕਰਨਾ ਬਹੁਤ ਜਰੂਰੀ ਹੈ ਅਤੇ ਅੱਜ ਦੇ ਸਮੇਂ ਵਿੱਚ ਕੁੜੀਆਂ ਵਿੱਚ ਘੁੰਮਣ ਫਿਰਨ ਦੀ ਆਜ਼ਾਦੀ ਅਤੇ ਉਹਨਾਂ ਦੇ ਨਿੱਜੀ ਸੌਖ ਦੀ ਨਜ਼ਰ ਤੋਂ ਮਾਹਵਾਰੀ ਸਬੰਧਿਤ ਸਿਹਤ ਸਿੱਖਿਆ ਮਹੱਤਵਪੂਰਨ ਹੈ। ਮਾਹਵਾਰੀ ਦੌਰਾਨ ਸਾਫ਼ ਸਫ਼ਾਈ ਨਾ ਰੱਖਣ ਕਰਕੇ ਲਾਗ ਦੀ ਸੰਭਾਵਨਾ ਵੱਧ ਜਾਂਦੀ ਹੈ। ਜੇਕਰ ਅਸੀਂ ਕੁੜੀਆਂ ਨੂੰ ਇਸ ਸਬੰਧੀ ਜਾਗੁਰਕ ਕਰਾਂਗੇ ਤਾਂ ਸਕੂਲਾਂ ਵਿੱਚ ਕੁੜੀਆਂ ਦੀ  ਗਿਣਤੀ ਵਿੱਚ ਅਤੇ ਹਾਜ਼ਰੀ ਵਿਚ ਵਾਧਾ ਹੋਵੇਗਾ। ਡਾ. ਸੁਨੀਤਾ ਕੰਬੋਜ ਨੇ ਦੱਸਿਆ ਕਿ ਮਾਹਵਾਰੀ ਦੋਰਾਨ ਆਉਣ ਵਾਲੀਆਂ ਸਮੱਸਿਆਂਵਾਂ ਅਤੇ ਉਨ੍ਹਾਂ ਦੇ ਸਮਾਧਾਨ ਬਾਰੇ ਮਹਿਲਾਵਾਂ ਖਾਸ ਕਰ ਲੜਕੀਆਂ ਨੂੰ ਦੱਸਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ ਹੋਰ ਔਰਤਾਂ ਦੇ ਇਕੱਠਾਂ ਨੂੰ ਮਾਹਵਾਰੀ ਦੌਰਾਨ ਪੈਡ ਜਾਂ ਸੁੱਕੇੇ ਕੱਪੜੇ ਦੀ ਵਰਤੋਂ ਕਰਨਾ, ਵਰਤੋਂ ਕੀਤੇ ਗਏ ਪੈਡ ਜਾਂ ਕੱਪੜੇ ਨੂੰ ਖੁੱਲ੍ਹੇ ਵਿੱਚ ਨਾ ਸੁੱਟਣਾ, ਪੈਡ ਨੂੰ ਹਰ ਚਾਰ ਜਾਂ ਛੇ ਘੰਟੇ ਬਾਅਦ ਬਦਲਦੇ ਰਹਿਣਾ, ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ, ਰੋਜ਼ਾਨਾ ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਫਲਾਂ ਦੀ ਵਰਤੋਂ, ਸੰਤੁਲਿਤ ਭੋਜਨ, ਆਇਰਨ ਅਤੇ ਫੋਲਿਕ ਐਸਿਡ ਦੀ ਗੋਲੀ ਲੈਣਾ, ਸਕੂਲਾਂ ਵਿੱਚ ਸਾਫ਼ ਪਾਣੀ, ਸਾਫ਼ ਪਾਖਾਨਿਆ ਦੀ ਸਹੂਲਤ, ਕੁੜੀਆਂ ਲਈ ਅਲੱਗ ਪਖਾਨਿਆ ਸਬੰਧੀ ਜਾਗਰੂਕ ਕੀਤਾ ਜਾਵੇ। ਉਹਨਾਂ ਦੱਸਿਆ ਕਿ ਸਵਾਸਥਿਕ ਸਾਫ਼ ਸਫ਼ਾਈ ਸਬੰਧੀ ਸਿਹਤ ਤੇ ਸੈਨੀਟੇਸ਼ਨ ਕਮੇਟੀ ਮੈਂਬਰਾਂ ਅਤੇ ਔਰਤ ਕਲੱਬਾਂ ਨਾਲ ਸੰਪਰਕ ਕਰਕੇ ਮਾਹਵਾਰੀ ਸਬੰਧੀ ਚਰਚਾ ਕੀਤੀ ਜਾਵੇ ਅਤੇ ਗਲਤ ਧਾਰਨਾਵਾਂ ਬਾਰੇ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਸਵਾਸਥਿਕ ਸਾਫ਼ ਸਫ਼ਾਈ ਦੇ ਨਾਲ ਨਾਲ ਆਪਣੇ ਸਰੀਰ ਦੀ ਸਾਫ਼ ਸਫ਼ਾਈ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣਾ ਵੀ ਬਹੁਤ ਜਰੂਰੀ ਹੈ। ਇਸ ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਨੋਦ ਖੁਰਾਣਾ ਨੇ ਕਿਹਾ ਕਿ ਕਿਸ਼ੋਰੀਆਂ ਵਿੱਚ ਪਹਿਲੀ ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਸਿੱਖਿਆ ਦਿੱਤੀ ਜਾਵੇ ਤਾਂ ਜ਼ੋ ਪਹਿਲੀ ਮਾਹਵਾਰੀ ਸਮੇਂ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨੇ ਪਵੇ। ਉਹਨਾਂ ਕਿਹਾ ਕਿ ਕਿਸ਼ੋਰੀਆਂ ਅਤੇ ਔਰਤਾਂ ਵਿੱਚ ਮਾਹਵਾਰੀ ਸਮੇਂ ਸਾਫ਼ ਸਫ਼ਾਈ ਦੀ ਘੱਟ ਜਾਣਕਾਰੀ ਹੋਣ ਕਰਕੇ ਹੀ ਸਿਹਤ ਨੂੰ ਖਤਰਾ ਬਣਿਆ ਰਹਿੰਦਾ ਹੈ। ਇਸ ਮੌਕੇ ਬੀਈਈ ਦਿਵੇਸ਼ ਕੁਮਾਰ, ਹਰਮੀਤ ਸਿੰਘ, ਅਤਿੰਦਰਪਾਲ ਸਿੰਘ, ਬੀਸੀਸੀ ਸੁਖਦੇਵ ਸਿੰਘ, ਸ਼ੁਬਮ ਕੁਮਾਰ ਤੇ ਮਨਜੋਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

Leave a Reply

Your email address will not be published. Required fields are marked *