30 ਮਈ ਸ਼ਾਮ 6 ਵਜੇ ਤੋਂ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਚੋਣ ਪ੍ਰਚਾਰ ’ਤੇ ਲਾਗੂ ਹੋ ਜਾਵੇਗੀ ਪਾਬੰਦੀ

ਫਾਜ਼ਿਲਕਾ, 27 ਮਈ, 2024-
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਮਤਦਾਨ ਮੁਕੰਮਲ ਹੋਣ ਤੋਂ 48 ਘੰਟੇ ਪਹਿਲਾਂ, ਭਾਵ ਚੋਣ ਪ੍ਰਚਾਰ ਖਤਮ ਹੁੰਦੇ ਸਾਰ ਹੀ ਇਲੈਕਟ੍ਰਾਨਿਕ ਮੀਡੀਆ ਸਮੇਤ ਰੇਡੀਓ-ਟੈਲੀਵੀਜ਼ਨ, ਸੋਸ਼ਲ ਮੀਡੀਆ ’ਤੇ ਹੋਣ ਵਾਲੇ ਸਿਆਸੀ ਪ੍ਰਚਾਰ/ਇਸ਼ਤਿਹਾਰ ’ਤੇ ਵੀ ਰੋਕ ਲੱਗ ਜਾਵੇਗੀ। ਇਹ ਰੋਕ ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ ’ਤੇ ਵੀ ਲਾਗੂ ਹੋਵੇਗੀ।
ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 30 ਮਈ ਸ਼ਾਮ 6 ਵਜੇ ਤੋਂ ਬਾਅਦ ਰੇਡੀਓ, ਟੈਲੀਵੀਜ਼ਨ, ਸਿਨੇਮਾ, ਸੋਸ਼ਲ ਮੀਡੀਆ, ਬਲਕ ਐਸ ਐਮ ਐਸ ਜਾਂ ਪ੍ਰੀ-ਰਿਕਾਰਡਡ ਐਸ ਐਮ ਐਸ ਸੁਨੇਹਿਆਂ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ ’ਤੇ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ ਅਤੇ ਨਾ ਹੀ ਸਿਆਸੀ ਇਸ਼ਤਿਹਾਰ ਦਿੱਤਾ ਜਾ ਸਕੇਗਾ, ਜੋ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਲੈਕਟ੍ਰਾਨਿਕ ਮੀਡੀਆ ਦੇ ਘੇਰੇ ਵਿੱਚ ਆਉਂਦਾ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਮਿਤੀ 23 ਮਈ, 2024 ਨੂੰ ਜਾਰੀ ਚੋਣ ਅਮਲ ਦੇ ਅਖੀਰਲੇ 48 ਘੰਟਿਆਂ ਦੇ ‘ਸਟੈਂਡਰਡ ਅਪਰੇਟਿੰਗ ਪ੍ਰੋਸੀਜਰ’ ਮੁਤਾਬਕ ਚੋਣ ਪ੍ਰਚਾਰ ਲਈ ਤੈਅ ਸਮਾਂ-ਸੀਮਾਂ ਸਮਾਪਤ ਹੁੰਦੇ ਸਾਰ ਹੀ ਕੋਈ ਵੀ ਟੀ.ਵੀ., ਰੇਡੀਓ, ਸੋਸ਼ਲ ਮੀਡੀਆ ਚੈਨਲ ਕਿਸੇ ਵੀ ਪਾਰਟੀ ਦੇ ਪ੍ਰਚਾਰ ਲਈ ਇਸ਼ਿਤਿਹਾਰ ਜਾਂ ਉਸ ਨਾਲ ਮਿਲਦਾ ਜੁਲਦਾ ਪ੍ਰੋਗਰਾਮ ਨਹੀਂ ਚਲਾ ਸਕਣਗੇ।
ਉਨ੍ਹਾਂ ਕਿਹਾ ਕਿ ਮਿਤੀ 31 ਮਈ, 2024 ਅਤੇ ਮਿਤੀ 1 ਜੂਨ, 2024 ਨੂੰ ਛਪਣ ਵਾਲੀਆਂ ਅਖਬਾਰਾਂ ਵਿੱਚ ਵੀ ਇਸ਼ਤਿਹਾਰ ਦੇਣ ਤੋਂ ਪਹਿਲਾਂ ਚੋਣ ਅਮਲ ਵਿਚ ਭਾਗ ਲੈ ਰਹੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਆਪਣੇ ਇਸ਼ਤਿਹਾਰ ਮੀਡੀਆ ਸਰਟੀਫ਼ਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਉਪਰੰਤ ਹੀ ਛਪਵਾ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ’ਚ ਕਾਰਜਸ਼ੀਲ ਮੀਡੀਆ ਕਰਮੀਆਂ/ਮੀਡੀਆ ਹਾਊਸਜ਼ ਨੂੰ ਚੋਣ ਕਮਿਸ਼ਨ ਦੀਆਂ ਉਕਤ ਹਦਾਇਤਾਂ ਅਤੇ ਜਨ ਪ੍ਰਤੀਨਿਧੀ ਐਕਟ, 1951 ਦੀ ਧਾਰਾ 126 ਅਤੇ 126 ਏ ਤਹਿਤ ਤੈਅ ਕੀਤੀਆਂ ਸੀਮਾਵਾਂ ਦੀ ਪੂਰਣ ਰੂਪ ਵਿੱਚ ਪਾਲਣ ਕਰਨ ’ਚ ਸਹਿਯੋਗ ਦੇਣ ਦੇਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *