ਅੰਮ੍ਰਿਤਸਰ ਵਿੱਚ 7 ਰੋਜ਼ਾ ‘ਰੰਗਲਾ ਪੰਜਾਬ’ ਮੇਲਾ 23 ਫਰਵਰੀ ਤੋਂ ਸ਼ੁਰੂ

ਅੰਮ੍ਰਿਤਸਰ, 16 ਫਰਵਰੀ (            )-ਪੰਜਾਬ ਸਰਕਾਰ ਦੇ ਸੈਰ ਸਪਾਟਾ, ਸਭਿਆਚਾਰਕ ਮਾਮਲੇ ਤੇ ਪੁਰਾਤਤਵ ਵਿਭਾਗ ਵੱਲੋਂ ਅੰਮ੍ਰਿਤਸਰ ਵਿਚ ਪਹਿਲੀ ਵਾਰ ਸੱਤ ਦਿਨ ਚੱਲਣ ਵਾਲਾ ‘ਰੰਗਲਾ ਪੰਜਾਬ’ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸਦਾ ਉਦਘਾਟਨ 23 ਫਰਵਰੀ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਵੇਗਾ। ਇਸ ਸਮਾਰੋਹ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਆਪਣੀ ਕਲਾ ਨਾਲ ਸਮਾਂ ਬੰਨ੍ਹਣਗੇ।

ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਹ ਮੇਲਾ 23 ਤੋਂ 29 ਫਰਵਰੀ ਤੱਕ ਹੋਵੇਗਾ ਅਤੇ ਵੱਖ-ਵੱਖ ਮਿਤੀਆਂ ਅਨੁਸਾਰ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਇਸ ਸੱਤ ਰੋਜ਼ਾ ਮੇਲੇ ਦੌਰਾਨ ਹੈਰੀਟੇਜ ਵਾਕ, ਕਾਰਨੀਵਲ, ਫੂਡ ਸਟਰੇਨ, ਗਰੀਨਥਨ ਤੋਂ ਇਲਾਵਾ ਮਿਊਜ਼ਿਕ ਫੈਸਟੀਵਲ ਵੀ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਨੂੰ ਮਨਾਉਣ ਲਈ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫ਼ਸਰ ਨਿਯੁਕਤ ਕੀਤੇ ਜਾ ਚੁਕੇ ਹਨ। ਉਨਾਂ ਕਿਹਾ ਕਿ ਪੰਜਾਬ ਵਿਚ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨਾਂ ਦੱਸਿਆ ਕਿ ਲਗਾਤਾਰ ਦੋ ਸਾਲਾਂ ਤੋਂ ਵਿਭਾਗ ਅੰਤਰਰਾਸ਼ਟਰੀ ਪੱਧਰ  ਉਤੇ ਪੰਜਾਬ ਦੀ ਹਾਜ਼ਰੀ ਲਗਾ ਰਿਹਾ ਹੈ ਅਤੇ ਇਹ ਮੇਲਾ ਸਾਡਾ ਅੰਤਰਰਾਸ਼ਟਰੀ ਪੱਧਰ ਦਾ ਮੇਲਾ ਹੋਵੇਗਾ।

ਸ੍ਰੀ ਥੋਰੀ ਨੇ ਦੱਸਿਆ ਕਿ ਇਸ ਮੇਲੇ ਵਿਚ ਪੰਜਾਬੀ ਗਾਇਕੀ ਦੇ ਵੱਡੇ ਗਾਇਕ, ਨਾਟਕ ਕਲਾ ਦੇ ਰੰਗ ਬਿਖੇਰਦੇ ਨਾਟਕ, ਡਰਾਮੇ, ਲੋਕ ਕਲਾਵਾਂ ਦੇ ਮੇਲਾ, ਮੈਰਾਥਨ ਦੌੜ, ਪੇਂਟਿੰਗ ਦੇ ਮੁਕਾਬਲਿਆਂ ਤੋਂ ਇਲਾਵਾ ਹਰ ਉਹ ਰੰਗ ਵੇਖਣ ਨੂੰ ਮਿਲੇਗਾ, ਜਿਸ ਕਰਕੇ ਪੰਜਾਬੀ ਜਾਣੇ ਜਾਂਦੇ ਹਨ। ਉਨਾਂ ਦੱਸਿਆ ਕਿ ਇਸ ਲਈ ਅਸੀਂ ਪੰਜਾਬ ਦੇ ਸਾਰੇ ਲਜ਼ੀਜ਼ ਖਾਣਿਆਂ ਦਾ ਇਕੋ ਸਥਾਨ ਉਤੇ ਪ੍ਰਬੰਧ ਕਰਾਂਗੇ। ਇਸ  ਦੇ ਨਾਲ-ਨਾਲ ਪੰਜਾਬੀਆਂ ਦੀ ਇਨਸਾਨੀਅਤ ਪ੍ਰਤੀ ਸੇਵਾ ਅਤੇ ਮਹਿਮਾਨ ਨਿਵਾਜ਼ੀ ਵੇਖਣ ਤੇ ਮਾਨਣ ਦਾ ਮੌਕਾ ਵੀ ਇਸ ਮੇਲੇ ਵਿਚ ਮਿਲੇਗਾ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਸ ਮੇਲੇ ਨੂੰ ਇੰਨਾ ਵਧੀਆ ਕਰ ਦਿੱਤਾ ਜਾਵੇ ਕਿ ਇਹ ਹਰੇਕ ਸਾਲ ਹੋਣ ਵਾਲਾ ਮੇਲਾ ਹੋ ਜਾਵੇ। ਉਨਾਂ ਦੱਸਿਆ ਕਿ ਇਸ ਲਈ ਅਸੀਂ ਅੰਤਰਰਾਸ਼ਟਰੀ ਪੱਧਰ ਦੀ ਏਜੰਸੀ ਦੀਆਂ ਸੇਵਾਵਾਂ ਲਈਆਂ ਹਨ ਤੇ ਸਾਡੀ ਕੋਸ਼ਿਸ਼ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੇਲੇ ਨਾਲ ਜੋੜਨ ਦੀ ਹੈ।

ਇਸ ਮੀਟਿੰਗ ਵਿੱਚ ਵਧੀਕ ਡਾਇਰੈਕਟਰ ਟੂਰਿਜ਼ਮ ਵਿਭਾਗ ਸ੍ਰੀ ਰਾਕੇਸ਼ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਵਧੀਕ ਮੁੱਖ ਪ੍ਰਸਾਸ਼ਕ ਅੰਮ੍ਰਿਤਸਰ ਵਿਕਾਸ ਅਥਾਰਿਟੀ ਸ੍ਰੀ ਰਜ਼ਤ ਓਬਰਾਏ, ਸਹਾਇਕ ਕਮਿਸ਼ਨਰ ਜਨਰਲ ਮੈਡਮ ਗੁਰਸਿਮਰਨ ਕੌਰ, ਐਸ.ਡੀ.ਐਮ. ਸ: ਮਨਕੰਵਲ ਸਿੰਘ ਚਾਹਲ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੁਰਿੰਦਰ ਸਿੰਘ, ਸਿਵਲ ਸਰਜਨ ਡਾ. ਵਿਜੈ ਕੁਮਾਰ, ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਸ: ਅਰਸ਼ਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਫੂਡ ਸੇਫਟੀ ਸ੍ਰੀ ਰਜਿੰਦਰ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *