ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਰਵਾਇਆ ਗਿਆ ਸਕੂਲਾਂ ਵਿਚ ਦਾਖ਼ਲ

ਮਾਨਸਾ, 28 ਅਗਸਤ:
ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਸਦਕਾ ਸਕੂਲਾਂ ਵਿਚ ਪੜ੍ਹਨ ਲਈ ਦਾਖ਼ਲ ਕਰਵਾਇਆ ਗਿਆ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਨੇ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਸਿੱਖਿਆ ਮੁਹੱਈਆ ਕਰਵਾਉਣੀ ਲਾਜ਼ਮੀ ਹੈ। ਕਿਸੇ ਵੀ ਬੱਚੇ ਨੂੰ ਸਿੱਖਿਆ ਤੋਂ ਵਾਂਝਾ ਰੱਖਣਾ ਉਸ ਦੇ ਭਵਿੱਖ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੋਂ ਵਿਰਵੇ ਲੋੜਵੰਦ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤਾਂ ਕਿ ਉਨ੍ਹਾਂ ਨੂੰ ਇਕ ਬੱਚੇ ਲਈ ਸਿੱਖਿਆ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਪੂਰਵ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਅੱਗੇ ਵੀ ਜਾਰੀ ਰੱਖਿਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਤਹਿਤ ਸਕੂਲੋਂ ਵਿਰਵੇ ਬੱਚਿਆਂ ਦਾ ਸਰਵੇ ਕਰਵਾਇਆ ਗਿਆ ਅਤੇ ਇਸ ਉਪਰੰਤ ਸ਼ਨਾਖ਼ਤ ਕੀਤੇ 51 ਬੱਚਿਆਂ ਨੂੰ ਹੁਣ ਸਕੂਲਾਂ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੱਚਿਆਂ ਲਈ ਲੋੜੀਂਦਾ ਸਾਮਾਨ ਜਿਵੇਂ ਕਿ ਬੈਗ, ਕਿਤਾਬਾਂ ਅਤੇ ਸਟੇਸ਼ਨਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਲਈ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ ਹੈ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ  ਨਾ ਰਹੇ।
ਵਧੀਕ ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਨਾ ਰੱਖਣ ਬਲਕਿ ਉਨ੍ਹਾਂ ਨੂੰ ਸਕੂਲਾਂ ਵਿਚ ਭੇਜਣ ਤਾਂ ਜੋ ਉਹ ਪੜ੍ਹ ਲਿਖ ਕੇ ਉੱਚ ਅਹੁਦਿਆਂ ਦੀ ਪ੍ਰਾਪਤੀ ਕਰ ਸਕਣ, ਜਿਸ ਨਾਲ ਪਰਿਵਾਰ ਦਾ ਆਰਥਿਕ ਪੱਧਰ ਉੱਚਾ ਹੋ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਭਵਿੱਖ ਸੁਰੱਖਿਅਤ ਹੋਵੇ। ਉਨ੍ਹਾਂ ਕਿਹਾ ਕਿ ਜੋ ਮਾਪੇ ਗ਼ਰੀਬੀ ਜਾਂ ਕਿਸੇ ਹੋਰ ਕਾਰਨ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਉਨ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *