ਰਾਸ਼ਟਰੀ ਲੋਕ ਅਦਾਲਤ ’ਚ 19,436 ਮਾਮਲਿਆਂ ਦਾ ਮੌਕੇ ’ਤੇ ਕੀਤਾ ਗਿਆ ਨਿਪਟਾਰਾ

ਹੁਸ਼ਿਆਰਪੁਰ, 24 ਮਈ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਜ਼ਿਲ੍ਹੇ ਵਿਚ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿਚ ਐਨ.ਆਈ ਐਕਟ ਤਹਿਤ ਸੈਕਸ਼ਨ 138 ਦੇ ਮਾਮਲੇ, (ਲੰਬਿਤ ਅਤੇ ਪ੍ਰੀ-ਲਿਟੀਗੇਸ਼ਨ ਬੈਂਕ ਰਿਕਵਰੀ ਮਾਮਲੇ ਅਤੇ ਲੇਬਰ ਵਿਵਾਦ ਮਾਮਲੇ), ਮੋਟਰ ਦੁਰਘਟਨਾਵਾਂ ਦੇ ਦਾਅਵੇ ਮਾਮਲੇ (ਐਸ ਏ ਸੀ ਟੀ), ਬਿਜਲੀ ਅਤੇ ਪਾਣੀ ਦੇ ਬਿੱਲ (ਗੈਰ-ਸਮਝੌਤਾ ਯੋਗ ਨੂੰ ਛੱਡ ਕੇ), ਵਿਵਾਹਕ ਵਿਵਾਦ, ਟਰੈਫਿਕ ਚਾਲਾਨ, ਮਾਲ ਮਾਮਲੇ ਅਤੇ ਹੋਰ ਸਿਵਲ, ਘੱਟ ਗੰਭੀਰ ਅਪਰਾਧਿਕ ਮਾਮਲੇ ਅਤੇ ਘਰੇਲੂ ਝਗੜੇ ਆਦਿ ਦੇ ਮਾਮਲੇ ਰੱਖੇ ਗਏ।

          ਇਹ ਲੋਕ ਅਦਾਲਤ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜਿੰਦਰ ਅਗਰਵਾਲ ਦੀ ਯੋਗ ਅਗਵਾਈ ਲਗਾਈ ਗਈ। ਇਸ ਲੋਕ ਅਦਾਲਤ ਵਿਚ ਹੁਸ਼ਿਆਰਪੁਰ ਵਿਚ ਕੁੱਲ 19 ਬੈਂਚ ਬਣਾਏ ਗਏ, ਜਿਸ ਵਿਚ ਹੁਸ਼ਿਆਰਪੁਰ ਜੁਡੀਸ਼ੀਅਲ ਕੋਰਟ ਵਿਚ 8 ਬੈਂਚ, ਸਬ-ਡਵੀਜ਼ਨ ਦਸੂਹਾ ਵਿਚ 2 ਬੈਂਚ, ਮੁਕੇਰੀਆਂ ਵਿਚ 2 ਬੈਂਚ ਅਤੇ ਗੜ੍ਹਸ਼ੰਕਰ ਵਿਚ 2 ਬੈਂਚ ਅਤੇ ਮਾਲ ਕੋਰਟ ਵਿਚ 5 ਬੈਂਚਾਂ ਦਾ ਗਠਨ ਕੀਤਾ ਗਿਆ। ਜ਼ਿਲ੍ਹਾ ਹੁਸ਼ਿਆਰਪੁਰ ਦੀ ਲੋਕ ਅਦਾਲਤ ਵਿਚ 23,658 ਮਾਮਲਿਆਂ ਦੀ ਸੁਣਵਾਈ ਹੋਈ ਅਤੇ 19,436 ਮਾਮਲਿਆਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ, ਨਾਲ ਹੀ ਧਿਰਾਂ ਦੇ ਕੁੱਲ 8,870,264,341 ਰੁਪਏ ਦੇ ਅਵਾਰਡ ਪਾਸ ਕੀਤੇ ਗਏ।

          ਇਸ ਰਾਸ਼ਟਰੀ ਲੋਕ ਅਦਾਲਤ ਮੌਕੇ ਪੁਲਿਸ ਵਿਭਾਗ ਦੇ ਕਰਮਚਾਰੀਆਂ ਵਲੋਂ ਟਰੈਫਿਕ ਚਾਲਾਨ ਭੁਗਤਾਨ ਲਈ ਆਏ ਵਿਅਕਤੀਆਂ ਲਈ ਵਿਸ਼ੇਸ਼ ਹੈਲਪ ਡੈਸਕ ਲਗਾਏ ਗਏ ਤਾਂ ਜੋ ਅਦਾਲਤਾਂ ਵਿਚ ਲੱਗੇ ਟਰੈਫਿਕ ਚਾਲਾਨਾਂ ਦਾ ਆਸਾਨੀ ਨਾਲ ਭੁਗਤਾਨ ਕੀਤਾ ਜਾ ਸਕੇ।

          ਇਸ ਰਾਸ਼ਟਰੀ ਲੋਕ ਅਦਾਲਤ ਦੌਰਾਨ ਜ਼ਿਲ੍ਹੇ ਤੇ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਨਾਲ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੀਰਜ ਗੋਇਲ ਨੇ ਲੋਕ ਅਦਾਲਤ ਦੇ ਬੈਂਚਾਂ ਦਾ ਦੌਰਾ ਕੀਤਾ। ਇਸ ਲੋਕ ਅਦਾਲਤ ਨੂੰ ਬਿਹਤਰ ਢੰਗ ਨਾਲ ਮੁਕੰਮਲ ਕਰਨ ਲਈ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।

          ਨੀਰਜ ਗੋਇਲ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਲੋਕ ਅਦਾਲਤਾਂ ਵਿਚ ਮਾਮਲੇ ਦਰਜ ਕਰਕੇ ਵੱਧ ਤੋਂ ਵੱਧ ਲਾਭ ਉਠਾਉਣ ਕਿਉਂਕਿ ਇਸ ਨਾਲ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ। ਲੋਕ ਅਦਾਲਤ ਵਿਚ ਲਏ ਗਏ ਫੈਸਲੇ ਅੰਤਿਮ ਹੁੰਦੇ ਹਨ ਅਤੇ ਇਸ ਦੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ, ਇਸ ਨਾਲ ਦੋਵੇਂ ਧਿਰਾਂ ਵਿਚਕਾਰ ਆਪਸੀ ਪਿਆਰ ਵੱਧਦਾ ਹੈ।

Leave a Reply

Your email address will not be published. Required fields are marked *