10ਵਾਂ ਜੱਥਾ ਸਾਲਾਸਰ ਧਾਮ-ਖਾਟੂ ਸ਼ਿਆਮ ਧਾਮ ਲਈ ਰਵਾਨਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਜਨਵਰੀ, 2024;

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ ਮੋਹਾਲੀ ਦੇ ਸੈਕਟਰ 66 ਸਥਿਤ ਮੰਦਰ ਤੋਂ ਸ਼ਨੀਵਾਰ ਨੂੰ ਸ਼ਰਧਾਲੂਆਂ ਦਾ 10ਵਾਂ ਜੱਥਾ ਸਾਲਾਸਰ ਧਾਮ-ਖਾਟੂ ਸ਼ਿਆਮ ਧਾਮ ਲਈ ਰਵਾਨਾ ਹੋਇਆ।

ਵਿਧਾਇਕ ਪੰਜਾਬ ਕੁਲਵੰਤ ਸਿੰਘ ਮੋਹਾਲੀ ਨੇ ਸ਼ਰਧਾਲੂਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਭੇਜਿਆ ਗਿਆ ਸ਼ਰਧਾਲੂਆਂ ਦਾ ਜੱਥਾ ਮੋਹਾਲੀ (ਐਸ.ਏ.ਐਸ. ਨਗਰ) ਹਲਕੇ ਦਾ ਚੌਥਾ ਜੱਥਾ ਹੈ ਜਦਕਿ ਇਹ ਜ਼ਿਲ੍ਹੇ ਦਾ 10ਵਾਂ ਜੱਥਾ ਹੈ।

ਵਿਧਾਇਕ ਕੁਲਵੰਤ ਸਿੰਘ ਨੇ ਪਵਿੱਤਰ ਅਸਥਾਨ ਦੀ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਯਾਤਰਾ ਸਿਰਫ਼ ਮੁਫ਼ਤ ਬੱਸਾਂ ਦੇਣ ਤੱਕ ਹੀ ਸੀਮਤ ਨਹੀਂ ਹੈ, ਅਸਲ ਵਿੱਚ ਯਾਤਰਾ ਲਈ ਲੋੜੀਂਦਾ ਸਮਾਨ ਵੀ ਪੰਜਾਬ ਸਰਕਾਰ ਵੱਲੋਂ ਸਦਭਾਵਨਾ ਦੇ ਪ੍ਰਤੀਕ ਵਜੋਂ ਯਾਤਰੀਆਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਕਿੱਟ ਵਿੱਚ ਇੱਕ ਕੰਬਲ, ਇੱਕ ਬੈੱਡਸ਼ੀਟ, ਇੱਕ ਸਿਰਹਾਣਾ ਅਤੇ ਟਾਇਲਟਰੀ ਦਾ ਸਮਾਨ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਦੋ ਦਿਨ ਚੱਲਣ ਵਾਲੀ ਇਸ ਤੀਰਥ ਯਾਤਰਾ ਦੇ ਰਸਤੇ ਵਿਚ ਖਾਣ-ਪੀਣ ਵਾਲੀਆਂ ਸਹੂਲਤਾਂ ਤੋਂ ਇਲਾਵਾ ਸਾਲਾਸਰ ਧਾਮ ਵਿਖੇ ਰਾਤ ਦੇ ਠਹਿਰਨ ਦੀ ਸਹੂਲਤ ਮੁਫ਼ਤ ਦਿੱਤੀ ਜਾਵੇਗੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਉਦੇਸ਼ ਔਰਤਾਂ, ਬਜ਼ੁਰਗਾਂ ਅਤੇ ਹੋਰਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ‘ਤੇ ਜਾਣ ਲਈ ਆਉਂਦੀਆਂ ਵੱਖ-ਵੱਖ ਮੁਸ਼ਕਲਾਂ ਅਤੇ ਰੁਕਾਵਟਾਂ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਸਤਿਕਾਰ ਵਜੋਂ ਇਹ ਸਕੀਮ ਉਨ੍ਹਾਂ ਪ੍ਰਤੀ ਨਿਮਾਣਾ ਜਿਹਾ ਉਪਰਾਲਾ ਹੈ।

ਅੱਜ ਬੱਸ ਵਿੱਚ ਸਵਾਰ ਸ਼ਰਧਾਲੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕ ਪੱਖੀ ਪਹਿਲਕਦਮੀਆਂ; ਹਾਲਾਂਕਿ ਇਹ ਮੁਫਤ ਬਿਜਲੀ, ਆਮ ਆਦਮੀ ਕਲੀਨਿਕ, ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਅਤੇ ਹੁਣ ਮੁਫਤ ਤੀਰਥ ਯਾਤਰਾ ਦੀ ਸਹੂਲਤ, ਦਾ ਪ੍ਰਬੰਧ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *