ਰਾਸ਼ਟਰੀ ਪੱਧਰ ਦੇ ਕਲਾ ਉਤਸਵ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਨੂੰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਜਨਵਰੀ, 2024:
ਹਾਲ ਹੀ ਵਿੱਚ ਨਵੀਂ ਦਿੱਲੀ ਵਿਖੇ ਹੋਏ ਰਾਸ਼ਟਰੀ ਪੱਧਰ ਦੇ ਕਲਾ ਉਤਸਵ ਮੁਕਾਬਲਿਆਂ ਵਿੱਚ ਮੋਹਾਲੀ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਅੰਸ਼ੂ ਕੁਮਾਰੀ ਨੇ ਮੂਰਤੀ ਕਲਾ ਵਿੱਚ ਰਾਸ਼ਟਰੀ ਪੱਧਰ ਦਾ ਪਹਿਲਾ ਇਨਾਮ ਜਿੱਤਿਆ ਹੈ। ਅੰਸ਼ੂ ਕੁਮਾਰੀ ਨੇ ਦੇਸ਼ ਭਰ ਦੇ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਤੋਂ ਰਾਜ ਪੱਧਰ ਤੇ ਜਿੱਤ ਕੇ ਆਏ ਸਾਰੇ ਹੀ ਵਿਦਿਆਰਥੀਆਂ ਨੂੰ ਪਛਾੜ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਡਾ. ਗਿਨੀ ਦੁਗਲ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਫੇਜ 3ਬੀ1 ਮੋਹਾਲੀ ਦੀ ਵਿਦਿਆਰਥਣ ਅੰਸ਼ੂ ਕੁਮਾਰੀ ਨੇ ਉਕਤ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਜਿਸ ਨੇ ਦੇਸ਼ ਭਰ ਵਿੱਚੋਂ ਸੋਨੇ ਦਾ ਤਮਗਾ ਜਿੱਤਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਉਹਨਾਂ ਦੱਸਿਆ ਕਿ ਸਕੂਲ ਦੇ ਲੈਕਚਰਾਰ ਡਾਕਟਰ ਰਮਿਤ ਵਾਸੂਦੇਵਾ ਅਤੇ ਪ੍ਰਿੰਸੀਪਲ ਸਲਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅੰਸ਼ੂ ਕੁਮਾਰੀ ਨੇ ਇਹ ਪ੍ਰਾਪਤੀ ਹਾਸਿਲ ਕੀਤੀ ਹੈ। ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਦੇਸ਼ ਭਰ ਦੇ ਸਾਰੇ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ ਹੋਏ ਜੇਤੂ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਜਿਨਾਂ ਵਿੱਚੋਂ ਅੰਸ਼ੂ ਕੁਮਾਰੀ ਸਭ ਤੋਂ ਮੋਹਰੀ ਰਹੀ ਹੈ।
ਡਾਕਟਰ ਗਿੰਨੀ ਦੁਗਲ ਨੇ ਦੱਸਿਆ ਕਿ ਉਸ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਵਿਦਿਆਰਥਣ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਉਨਾਂ ਸਿੱਖਿਆ ਵਿਭਾਗ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਇੱਥੇ ਇਹ ਗੱਲ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ ਇਸੇ ਸਕੂਲ ਦੇ ਵਿਦਿਆਰਥੀ ਸ਼ਰਨਪ੍ਰੀਤ ਸਿੰਘ ਨੇ ਪਿਛਲੇ ਸਾਲ ਹੋਏ ਚਿੱਤਰ ਕਲਾ ਮੁਕਾਬਲਿਆਂ ਵਿੱਚ ਵੀ ਇਸੇ ਤਰ੍ਹਾਂ ਰਾਸ਼ਟਰੀ ਪੱਧਰ ਤੇ ਦੂਜਾ ਇਨਾਮ ਹਾਸਿਲ ਕਰਕੇ ਚਾਂਦੀ ਦਾ ਤਮਗਾ ਜਿੱਤਦਿਆਂ ਮੋਹਾਲੀ ਦਾ ਨਾਮ ਦੇਸ਼ ਭਰ ਵਿੱਚ ਚਮਕਾਇਆ ਸੀ।

Leave a Reply

Your email address will not be published. Required fields are marked *